ਸ਼ਾਹ ਮੁਹੰਮਦ ਦੀ ਸਿਆਸੀ ਚੇਤਨਾ ਸਰੋਤ : ਸ਼ਾਹ ਮੁਹੰਮਦ ਜੀਵਨ ਤੇ ਰਚਨਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਤਕਰਾ

ਸ਼ਾਹ ਮੁਹੰਮਦ ਅਤੇ ਉਸ ਦਾ ਯੁੱਗ

ਸ਼ਾਹ ਮੁਹੰਮਦ ਦੀ ਇਤਿਹਾਸਿਕ ਚੇਤਨਾ

ਸ਼ਾਹ ਮੁਹੰਮਦ ਦੀ ਸਿਆਸੀ ਚੇਤਨਾ

ਸ਼ਾਹ ਮੁਹੰਮਦ ਦੀ ਸਭਿਆਚਾਰਕ ਚੇਤਨਾ

ਜੰਗਨਾਮਾ ਸ਼ਾਹ ਮੁਹੰਮਦ-ਸਾਹਿਤਿਕ ਪਰਿਪੇਖ

ਜੰਗਨਾਮਾ ਸ਼ਾਹ ਮੁਹੰਮਦ-ਵਿਧਾ ਦੀ ਸਮੱਸਿਆ

ਸ਼ਾਹ ਮੁਹੰਮਦ ਦਾ ਪੰਜਾਬੀ ਜੰਗਨਾਮਾ ਸਾਹਿਤ ਵਿਚ ਸਥਾਨ

ਮੂਲ-ਪਾਠ

ਸਹਾਇਕ ਪੁਸਤਕ-ਸੂਚੀ

 

ਸ਼ਾਹ ਮੁਹੰਮਦ ਦੀ ਸਿਆਸੀ ਚੇਤਨਾ

 

ਸ਼ਾਹ ਮੁਹੰਮਦ ਰਾਜ ਤੇ ਪ੍ਰਭੁਤਾ ਦੇ ਖੁੱਸ ਜਾਣ ਦੀ ਸਾਰੀ ਜ਼ਿਮੇਵਾਰੀ ਰਾਣੀ ਜਿੰਦਾਂ ਤੇ ਸੁੱਟਦਾ ਹੈ ਅਤੇ ਉਸ ਦੀ ਰਾਏ ਹੈ ਕਿ ਫ਼ੌਜ ਉਸ ਦੇ ਹੱਥਾਂ ਵਿਚ ਹਥਿਆਰ ਸੀ। ਖ਼ਾਸ ਕਰਕੇ ਅਕਤੂਬਰ 1845. ਦੇ ਮਗਰੋਂ ਉਸ ਨੇ ਜਿੰਦਾਂ ਨੂੰ ਸਭ ਤੋਂ ਵੱਡੇ ਦੇਸ਼-ਘਾਤਕ ਦੇ ਤੌਰ ਤੇ ਚਿੱਤਰਿਆ ਹੈ।

-ਸੀਤਾ ਰਾਮ ਕੋਹਲੀ, ਸੇਵਾ ਸਿੰਘ ਗਿਆਨੀ, ਵਾਰ ਸ਼ਾਹ ਮੁਹੰਮਦ

 

ਸ਼ਾਹ ਮੁਹੰਮਦ ਦੁਆਰਾ ਰਚਿਤ ਜੰਗਨਾਮੇ ਦਾ ਵਿਸ਼ਾ ਸਿੱਖ ਫ਼ੌਜ ਅਤੇ ਅੰਗਰੇਜ਼ ਫ਼ੌਜ ਵਿਚਕਾਰ ਹੋਈ ਪਹਿਲੀ ਜੰਗ ਹੈ, ਜਿਸ ਵਿਚ ਉਸ ਨੇ ਇਸ ਜੰਗ ਦੀ ਪਿੱਠਭੂਮੀ ਵਿਚ ਕਾਰਜਸ਼ੀਲ ਸਿਆਸਤ ਨੂੰ ਵੀ ਬਾਖ਼ੂਬੀ ਚਿਤਰਿਆ ਹੈ। ਇਸ ਸੰਦਰਭ ਵਿਚ ਉਸ ਨੇ ਪੰਜਾਬ ਦੇ ਤਤਕਾਲੀਨ ਸਿਆਸੀ ਲੀਡਰਾਂ ਤੇ ਧੜਿਆਂ ਦੀ ਆਪਸੀ ਫੁੱਟ ਅਤੇ ਅੰਗਰੇਜ਼ ਹਾਕਮਾਂ ਅਤੇ ਸਿੱਖ ਲੀਡਰਾਂ ਦੇ ਸਿਆਸੀ ਸੰਬੰਧਾਂ ਨੂੰ ਪੇਸ਼ ਕਰਨ ਦਾ ਯਤਨ ਵੀ ਕੀਤਾ ਹੈ। ਜੰਗਨਾਮੇ ਦੇ ਪਹਿਲੇ ਅੱਧ ਵਿਚ ਸਿੱਖ ਲੀਡਰਾਂ ਦੀ ਆਪਸੀ ਧੜੇਬੰਦੀ ਕਾਰਨ ਚੇਤ ਸਿੰਘ, ਸ਼ੇਰ ਸਿੰਘ, ਕੰਵਰ ਪ੍ਰਤਾਪ ਸਿੰਘ, ਧਿਆਨ ਸਿੰਘ, ਚੰਦ ਕੌਰ , ਅਜੀਤ ਸਿੰਘ, ਲਹਿਣਾ ਸਿੰਘ, ਹੀਰਾ ਸਿੰਘ, ਜਵਾਹਰ ਸਿੰਘ ਆਦਿ ਦੇ ਕਤਲਾਂ ਦੀ ਪੇਸ਼ਕਾਰੀ ਹੋਈ ਹੈ। ਇਹ ਕਤਲ ਸਿਆਸੀ ਛਲ-ਕਪਟ ਜਾਂ ਫ਼ਰੇਬ ਕਾਰਨ ਹੁੰਦੇ ਹਨ ਜੋ ਪਾਠਕ ਦੇ ਮਨ ਵਿਚ ਘਿਰਨਾ ਪੈਦਾ ਕਰਦੇ ਹਨ। ਉਦਾਹਰਨ ਦੇ ਤੌਰ’ਤੇ ਜੰਗਨਾਮੇ ਦੀਆਂ ਹੇਠ ਲਿਖੀਆਂ ਸਤਰਾਂ ਸਿਆਸੀ ਉਥਲ-ਪੁਥਲ ਅਤੇ ਸਿੱਖ ਲੀਡਰਾਂ ਦੀ ਆਪਸੀ ਕਤਲੋਗਾਰਤ ਦੀ ਕਹਾਣੀ ਕਹਿੰਦੀਆਂ ਹਨ :

ਜਦੋਂ ਹੋਏ ਸਰਕਾਰ ਦੇ ਸ੍ਵਾਸ ਪੂਰੇ,

ਮ੍ਹਾਂ ਹੋਏ ਨੀ ਸਭ ਸਰਦਾਰ ਮੀਆਂ।

ੇਤ ਸਿੰਘ ਨੂੰ ਮਾਰਿਆ ਕੌਰ ਸਾਹਿਬ,

ੁਰੂ ਹੋਈ ਦਰਬਾਰ ਤਲਵਾਰ ਮੀਆਂ।

ੜਕ ਸਿੰਘ ਮਹਾਰਾਜ ਨੇ ਧਾਹ ਮਾਰੀ,

ੋਇਆ ਮੁੱਢ ਕਦੀਮ ਦਾ ਯਾਰ ਮੀਆਂ।

ਾਹ ਮੁਹੰਮਦਾ ਅਸਾਂ ਭੀ ਨਾਲ ਮਰਨਾ,

      ਾਡਾ ਇਹੋ ਸੀ ਕੌਲ ਕਰਾਰ ਮੀਆਂ। 6

ਰਣਜੀਤ ਸਿੰਘ ਦੀ ਮੌਤ (27 ਜੂਨ, 1839 ਈ.) ਤੋਂ ਬਾਅਦ ਪੰਜਾਬ ਦੀ ਸਿਆਸੀ ਸੱਤਾ ਉਸ ਦੇ ਪੁੱਤਰਾਂ ਖੜਕ ਸਿੰਘ, ਸ਼ੇਰ ਸਿੰਘ, ਤਾਰਾ ਸਿੰਘ, ਕਸ਼ਮੀਰਾ ਸਿੰਘ, ਪਿਸ਼ੌਰਾ ਸਿੰਘ, ਮੁਲਤਾਨ ਸਿੰਘ ਤੇ ਦਲੀਪ ਸਿੰਘ ਵਿਚੋਂ ਕਿਸੇ ਇਕ ਨੂੰ ਹੀ ਪ੍ਰਾਪਤ ਹੋ ਸਕਦੀ ਸੀ। ਕੰਵਰ ਖੜਕ ਸਿੰਘ, ਰਣਜੀਤ ਸਿੰਘ ਦਾ ਸਭ ਤੋਂ ਵੱਡਾ ਪੁੱਤਰ ਸੀ ਅਤੇ ਉਹ ਖ਼ੁਦ ਨੂੰ ਹੀ ਰਣਜੀਤ ਸਿੰਘ ਦੀ ਜਾਇਜ਼ ਔਲਾਦ ਮੰਨਦਾ ਸੀ। ਪਰ ਉਹ ਆਪਣੀ ਸੁਸਤੀ ਅਤੇ ਵਿਲਾਸਤਾ ਭਰੇ ਜੀਵਨ ਕਾਰਨ ਰਣਜੀਤ ਸਿੰਘ ਦੁਆਰਾ ਜਿੱਤੇ ਵੱਡੇ ਰਾਜ ਨੂੰ ਸੰਭਾਲਣ ਦੇ ਯੋਗ ਨਹੀਂ ਸੀ। ਇਸ ਤੋਂ ਇਲਾਵਾ ਉਹ ਚੇਤ ਸਿੰਘ ਜਹੇ ਲੋਕਾਂ ਦੇ ਹੱਥਾਂ ਵਿਚ ਕਠਪੁਤਲੀ ਬਣਿਆ ਹੋਇਆ ਸੀ। ਖੜਕ ਸਿੰਘ ਦੇ ਮੁਕਾਬਲੇ ਉਸ ਦਾ ਪੁੱਤਰ ਨੌਨਿਹਾਲ ਸਿੰਘ ਸਿਆਸੀ ਤੌਰ’ਤੇ ਚੇਤੰਨ ਅਤੇ ਦੂਰ-ਅੰਦੇਸ਼ ਸੀ। ਇਸ ਤੋਂ ਬਿਨਾਂ ਰਣਜੀਤ ਸਿੰਘ ਦੀ ਪਹਿਲੀ ਪਤਨੀ ਦਾ ਪੁੱਤਰ ਕੰਵਰ ਸ਼ੇਰ ਸਿੰਘ ਵੀ ਆਪਣੇ-ਆਪ ਨੂੰ ਲਾਹੌਰ ਦਰਬਾਰ ਦੀ ਰਾਜ-ਸੱਤਾ ਸੰਭਾਲਣ ਦਾ ਵੱਡਾ ਦਾਹਵੇਦਾਰ ਮੰਨਦਾ ਸੀ। ਇਸ ਸਾਰੀ ਸਿਆਸੀ-ਖਿੱਚੋਤਾਣ ਵਿਚ ਲਾਹੌਰ ਦਰਬਾਰ ਦੇ ਦਰਬਾਰੀ ਅਤੇ ਮੰਤਰੀ ਵੱਖ-ਵੱਖ ਧੜਿਆਂ ਵਿਚ ਵੰਡੇ ਗਏ ਸਨ। ਇਨ੍ਹਾਂ ਧੜਿਆਂ ਵਿਚ ਡੋਗਰਾ ਧੜਾ ਸਭ ਤੋਂ ਵੱਧ ਪ੍ਰਭਾਵਸ਼ਾਲੀ ਸੀ। ਇਸ ਧੜੇ ਵਿਚ ਰਾਜਾ ਧਿਆਨ ਸਿੰਘ, ਗੁਲਾਬ ਸਿੰਘ ਅਤੇ ਸੁਚੇਤ ਸਿੰਘ ਆਦਿ ਸ਼ਾਮਲ ਸਨ। ਰਾਜਾ ਧਿਆਨ ਸਿੰਘ ਦਾ ਪੁੱਤਰ ਵੀ ਸਿਆਸੀ ਤੌਰ’ਤੇ ਬੜਾ ਹੁਸ਼ਿਆਰ ਤੇ ਚਲਾਕ ਵਿਅਕਤੀ ਸੀ। ਉਸ ਨੇ ਰਣਜੀਤ ਸਿੰਘ ਦੇ ਨੇੜੇ ਹੋਣ ਕਾਰਨ ਸਨਮਾਨ ਤੇ ਆਦਰ ਪ੍ਰਾਪਤ ਕਰ ਲਿਆ ਸੀ। ਦੂਸਰਾ ਧੜਾ ਸੰਧਾਵਾਲੀਏ ਸਰਦਾਰਾਂ ਦਾ ਸੀ, ਜਿਸ ਵਿਚ ਲਹਿਣਾ ਸਿੰਘ, ਅਤਰ ਸਿੰਘ ਅਤੇ ਉਨ੍ਹਾਂ ਦਾ ਭਤੀਜਾ ਅਜੀਤ ਸਿੰਘ ਆਦਿ ਸ਼ਾਮਲ ਸਨ। ਇਨ੍ਹਾਂ ਦੋਵਾਂ ਧੜਿਆਂ ਦੀ ਆਪਸੀ ਸਿਆਸੀ ਫੁੱਟ ਨੇ ਲਾਹੌਰ ਦੀ ਰਾਜ ਸੱਤਾ ਨੂੰ ਜੜ੍ਹੋਂ ਉਖੇੜਨ ਵਿਚ ਪ੍ਰਮੁੱਖ ਭੂਮਿਕਾ ਅਦਾ ਕੀਤੀ। ਇਸ ਤੋਂ ਬਿਨਾਂ ਤੀਸਰਾ ਧੜ੍ਹਾ, ਜਿਸ ਵਿਚ ਫ਼ਕੀਰ ਅਜੀਜ਼ਉੱਦੀਨ ਅਤੇ ਦੀਨਾ ਨਾਥ ਆਦਿ ਸ਼ਾਮਲ ਸਨ, ਆਪਣੇ ਆਪ ਨੂੰ ਨਿਰਪੱਖ ਰੱਖਣ ਦਾ ਯਤਨ ਕਰ ਰਿਹਾ ਸੀ। ਲਾਹੌਰ ਦੀ ਰਾਜਸੱਤਾ ਦੀ ਅਜਿਹੀ ਸਿਆਸੀ ਸਥਿਤੀ ਦੇ ਚਲਦਿਆਂ ਬੁਰਛਾਗਰਦੀ ਹਰ ਦਿਨ ਵਧ ਰਹੀ ਸੀ ਜਿਸ ਦਾ ਪ੍ਰਗਟਾਵਾ ਸ਼ਾਹ ਮੁਹੰਮਦ ਦੁਆਰਾ ਰਚਿਤ ਜੰਗਨਾਮੇ ਦੀਆਂ ਹੇਠ ਲਿਖੀਆਂ ਸਤਰਾਂ ਤੋਂ ਹੋ ਜਾਂਦਾ ਹੈ :

ਪਿਛੋਂ ਆ ਕੇ ਸਭਨਾਂ ਨੂੰ ਫਿਕਰ ਹੋਇਆ,

ੋਚੀਂ ਪਏ ਨੀ ਸਭ ਸਰਦਾਰ ਮੀਆਂ।

ੱਗੇ ਰਾਜ ਆਇਆ ਹੱਥ ਬੁਰਛਿਆਂ ਦੇ,

ਈ ਖੜਕਦੀ ਨਿੱਤ ਤਲਵਾਰ ਮੀਆਂ।

ੱਦੀ ਵਾਲਿਆਂ ਨੂੰ ਜਿਹੜੇ ਮਾਰ ਲੈਂਦੇ,

ੋਰ ਕਹੋ ਕਿਸ ਦੇ ਪਾਣੀਹਾਰ ਮੀਆਂ।

ਾਹ ਮੁਹੰਮਦਾ ਧੁਰੋਂ ਤਲਵਾਰ ਵੱਗਦੀ,

      ਾਲੀ ਨਹੀਂ ਜਾਣਾ ਕੋਈ ਵਾਰ ਮੀਆਂ। 30

ਇਹਨਾਂ ਸਤਰਾਂ ਤੋਂ ਇਹ ਵੀ ਪਤਾ ਚਲਦਾ ਹੈ ਕਿ ਇਨ੍ਹਾਂ ਵੱਖ-ਵੱਖ ਧੜਿਆਂ ਤੋਂ ਇਲਾਵਾ ਸ਼ਾਹੀ ਫ਼ੌਜ ਦਾ ਵੀ ਲਾਹੌਰ ਦੀ ਰਾਜਸੱਤਾ ਨੂੰ ਤਬਾਹ ਕਰਨ ਵਿਚ ਪ੍ਰਮੁੱਖ ਰੋਲ ਸੀ। ਵੱਖ-ਵੱਖ ਧੜਿਆਂ ਦੇ ਲੀਡਰ ਸ਼ਾਹੀ ਫ਼ੌਜ ਨੂੰ ਕੋਈ ਨਾ ਕੋਈ ਲਾਲਚ ਦੇ ਕੇ ਆਪਣੇ ਵਿਰੋਧੀਆਂ ਨੂੰ ਖ਼ਤਮ ਕਰਵਾਉਣ ਦੇ ਰਾਹ ਤੁਰ ਪਏ ਸਨ। ਰਾਜ ਵਿਚ ਫੈਲੀ ਅਰਾਜਕਤਾ ਕਾਰਨ ਸ਼ਾਹੀ ਫ਼ੌਜ ਨੂੰ ਉਸ ਦੀ ਤਨਖ਼ਾਹ ਵੀ ਵੇਲੇ ਸਿਰ ਨਹੀਂ ਮਿਲਦੀ ਸੀ। ਇਸ ਸਭ ਕਾਸੇ ਦਾ ਸਿੱਟਾ ਇਹ ਨਿਕਲਿਆ ਕਿ ਸ਼ਾਹੀ ਫ਼ੌਜ ਨੇ ਲੁੱਟ-ਖੋਹ, ਰਿਸ਼ਵਤਖੋਰੀ ਅਤੇ ਇਨਾਮ ਪ੍ਰਸਤੀ ਦੀਆਂ ਅਲਾਮਤਾਂ ਸਹੇੜ ਲਈਆਂ ਸਨ। ਇਸ ਸਮੇਂ ਦੌਰਾਨ ਅਫ਼ਸਰਾਂ ਦੀ ਹੁਕਮ ਅਦੂਲੀ ਅਤੇ ਅਨੁਸ਼ਾਸਨਹੀਣਤਾ ਆਮ ਜਹੀ ਗੱਲ ਹੋ ਗਈ ਸੀ। ਇਸ ਅਨੁਸ਼ਾਸਨਹੀਣਤਾ ਦੇ ਚਲਦਿਆਂ ਦਰਬਾਰੀਆਂ ਨਾਲ ਸ਼ਰਤਾਂ ਤੈਅ ਕਰਨ ਲਈ ਫ਼ੌਜੀ ਪੰਚ ਵੀ ਚੁਣੇ ਗਏ ਸਨ। ਲਾਹੌਰ ਦਰਬਾਰ ਦੇ ਇਸ ਅਰਾਜਕਤਾ ਵਾਲੇ ਮਾਹੌਲ ਕਾਰਨ ਦਰਬਾਰ ਦੇ ਛੋਟੇ-ਮੋਟੇ ਸਿੱਖ ਜਥੇਦਾਰਾਂ ਨੇ ਵੀ ਸਿਰ ਉਠਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਦੇ ਬਾਵਜੂਦ ਅਜੇ ਵੀ ਸਿੱਖ ਫ਼ੌਜ ਦੇ ਹੌਸਲੇ ਬੁਲੰਦ ਸਨ ਅਤੇ ਉਸ ਵਿਚ ਦੇਸ਼ ਭਗਤੀ ਦਾ ਜਜ਼ਬਾ ਕਾਇਮ ਸੀ। ਸ਼ਾਹੀ ਫ਼ੌਜ ਅਜੇ ਵੀ ਰਣਜੀਤ ਸਿੰਘ ਤੇ ਪੰਜਾਬੀ ਰਾਜ ਦੀ ਰੱਖਿਆ ਵਾਸਤੇ ਮਰ-ਮਿਟਣ ਲਈ ਤਿਆਰ ਸੀ ਪਰ ਕੋਈ ਸੁਚੱਜਾ ਅਤੇ ਯੋਗ ਲੀਡਰ ਨਾ ਮਿਲਣ ਕਾਰਨ ਸ਼ਾਹੀ ਫ਼ੌਜ ਭਟਕਣ ਵਾਲੇ ਰਸਤੇ ਪੈ ਚੁੱਕੀ ਸੀ। ਸਿੱਖ ਫ਼ੌਜ ਦੀ ਇਸ ਅਰਾਜਕਤਾ ਵਾਲੀ ਸਥਿਤੀ ਨੂੰ ਸ਼ਾਹ ਮੁਹੰਮਦ ਇਸ ਤਰ੍ਹਾਂ ਬਿਆਨ ਕਰਦਾ ਹੈ :

ਪਿੱਛੇ ਇਕ ਸਰਕਾਰ ਦੇ ਖੇਡ ਚੱਲੀ,

ਈ ਨਿੱਤ ਹੁੰਦੀ ਮਾਰੋ-ਮਾਰ ਮੀਆਂ।

ਸਿੰਘਾਂ ਮਾਰ ਸਰਦਾਰਾਂ ਦਾ ਨਾਸ ਕੀਤਾ,

ੱਭੋ ਕਤਲ ਹੋਏ ਵਾਰੋ-ਵਾਰ ਮੀਆਂ।

ਸਿਰ ਫ਼ੌਜ ਦੇ ਰਿਹਾ ਨਾ ਕੋਈ ਕੁੰਡਾ,

ੋਏ ਸ਼ੁੱਤਰ ਜਿਉਂ ਬਾਝ ਮੁਹਾਰ ਮੀਆਂ।

ਾਹ ਮੁਹੰਮਦਾ ਫਿਰਨ ਸਰਦਾਰ ਲੁਕਦੇ,

      ੂਤ ਮੰਡਲੀ ਹੋਈ ਤਿਆਰ ਮੀਆਂ। 41

ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਖੜਕ ਸਿੰਘ ਅਤੇ ਸ਼ੇਰ ਸਿੰਘ ਵਿਚਕਾਰ ਸਿਆਸੀ ਸੰਬੰਧ ਸੁਖਾਵੇਂ ਨਹੀਂ ਰਹਿੰਦੇ। ਸ਼ੇਰ ਸਿੰਘ ਨੇ ਰਣਜੀਤ ਸਿੰਘ ਦੀਆਂ ਅੰਤਿਮ ਰਸਮਾਂ ਵਿਚ ਭਾਗ ਨਾ ਲਿਆ ਅਤੇ ਉਹ ਆਪਣੀ ਬਟਾਲੇ ਵਾਲੀ ਜਾਗੀਰ’ਤੇ ਚਲਾ ਗਿਆ। ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਖੜਕ ਸਿੰਘ ਨੂੰ ਰਾਜਗੱਦੀ ਸੋਂਪੀ ਗਈ ਅਤੇ ਧਿਆਨ ਸਿੰਘ ਨੂੰ ਮੁੱਖ ਮੰਤਰੀ ਬਣਾਇਆ ਗਿਆ ਪਰ ਕੰਵਰ ਨੌਨਿਹਾਲ ਸਿੰਘ ਨੂੰ ਇਹ ਪਸੰਦ ਨਹੀਂ ਸੀ। ਉਹ ਤਾਂ ਖ਼ੁਦ ਰਾਜਸੱਤਾ ਉੱਪਰ ਕਬਜ਼ਾ ਕਰਨਾ ਚਾਹੁੰਦਾ ਸੀ। ਚੇਤ ਸਿੰਘ, ਖੜਕ ਸਿੰਘ ਦਾ ਖ਼ਾਸ ਮੁਸਾਹਿਬ ਸੀ, ਜਿਸ ਕਰਕੇ ਉਹ ਰਾਜਾ ਧਿਆਨ ਸਿੰਘ ਨਾਲ ਰਹਿਣ ਲੱਗ ਪਿਆ ਸੀ। ਜਦੋਂ ਕੰਵਰ ਨੌਨਿਹਾਲ ਸਿੰਘ ਅਫ਼ਗਾਨਾਂ ਵਿਰੁੱਧ ਮੁਹਿੰਮ ਤੋਂ ਵਾਪਸ ਆਇਆ ਤਾਂ ਉਸ ਨੇ ਖੜਕ ਸਿੰਘ ਨੂੰ ਕਿਹਾ ਕਿ ਉਹ ਚੇਤ ਸਿੰਘ ਨੂੰ ਕੰਟਰੋਲ ਵਿਚ ਰੱਖੇ। ਪਰ ਖੜਕ ਸਿੰਘ ਨੇ ਚੇਤ ਸਿੰਘ ਨੂੰ ਹੋਰ ਜਾਗੀਰਾਂ ਬਖ਼ਸ਼ ਦਿੱਤੀਆਂ। ਕੰਵਰ ਨੌਨਿਹਾਲ ਸਿੰਘ ਨੂੰ ਇਹ ਸਭ ਚੰਗਾ ਨਾ ਲੱਗਾ ਅਤੇ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਧਿਆਨ ਸਿੰਘ ਦੁਆਰਾ ਚੇਤ ਸਿੰਘ ਦਾ ਕਤਲ ਕਰਵਾ ਦਿੱਤਾ। ਇਸ ਉਪਰੰਤ ਕੰਵਰ ਨੌਨਿਹਾਲ ਸਿੰਘ ਨੇ ਰਾਜਸੱਤਾ ਉੱਪਰ ਅਸਿੱਧੇ ਤੌਰ’ਤੇ ਕਬਜ਼ਾ ਕਰ ਲਿਆ। ਸ਼ਾਹ ਮੁਹੰਮਦ ਇਸ ਕਰਵਟ ਲੈ ਰਹੀ ਪੰਜਾਬ ਦੀ ਸਿਆਸਤ ਨੂੰ ਇਸ ਤਰ੍ਹਾਂ ਪੇਸ਼ ਕਰਦਾ ਹੈ :

ਖੜਕ ਸਿੰਘ ਮਹਾਰਾਜ ਹੋਇਆ ਬਹੁਤ ਮਾਂਦਾ,

ਰਸ ਇਕ ਪਿੱਛੋਂ ਵੱਸ ਕਾਲ ਹੋਇਆ।

ਈ ਮੌਤ ਨਾ ਅਟਕਿਆ ਇਕ ਘੜੀ,

ੇਤ ਸਿੰਘ ਦੇ ਗ਼ਮ ਦੇ ਨਾਲ ਮੋਇਆ।

ੌਰ ਸਾਹਿਬ ਮਹਾਰਾਜੇ ਦੀ ਗੱਲ ਸੁਣ ਕੇ,

ਰਾ ਗ਼ਮ ਦੇ ਨਾਲ ਨਾ ਮੂਲ ਰੋਇਆ।

ਾਹ ਮੁਹੰਮਦਾ ਕਈਆਂ ਦੇ ਮਾਰਨੇ ਨੂੰ,

      ਵਿਚ ਕੋਂਸਲੇ ਕੌਰ ਨੂੰ ਹੁਕਮ ਹੋਇਆ। 8

ਦੂਸਰੇ ਪਾਸੇ ਡੋਗਰਾ ਧੜਾ ਵੀ ਕਾਫ਼ੀ ਪ੍ਰਭਾਵਸ਼ਾਲੀ ਹੁੰਦਾ ਜਾ ਰਿਹਾ ਸੀ। ਜਦੋਂ ਗੁਲਾਬ ਸਿੰਘ ਦੀ ਸ਼ਹਿ ਨਾਲ ਮੰਡੀ ਦੇ ਰਾਜੇ ਨੇ ਬਗ਼ਾਵਤ ਕੀਤੀ ਤਾਂ ਇਸ ਬਗ਼ਾਵਤ ਨੂੰ ਸਖ਼ਤੀ ਨਾਲ ਦਬਾਅ ਦਿੱਤਾ ਗਿਆ। ਹੌਲੀ-ਹੌਲੀ ਕੰਵਰ ਨੌਨਿਹਾਲ ਸਿੰਘ ਦੇ ਰਾਜ ਅਧੀਨ ਸਰਕਾਰ ਦਾ ਕੰਮਕਾਜ ਠੀਕ-ਠਾਕ ਚੱਲਣ ਲੱਗ ਪਿਆ। ਖੜਕ ਸਿੰਘ ਦੀ ਮੌਤ ਤੋਂ ਬਾਅਦ ਕੰਵਰ ਨੌਨਿਹਾਲ ਸਿੰਘ ਅਤੇ ਰਾਜਾ ਧਿਆਨ ਸਿੰਘ ਨੇ ਸਾਂਝੇ ਰਾਜ ਦੀ ਤਨੋ-ਮਨੋ ਸੇਵਾ ਕਰਨ ਦੀ ਸਹੁੰ ਚੁੱਕੀ ਪਰ ਜਲਦੀ ਹੀ ਨੌਨਿਹਾਲ ਸਿੰਘ ਦੁਰਘਟਨਾ ਦਾ ਸ਼ਿਕਾਰ ਹੋ ਕੇ ਅਖ਼ੀਰ ਦਮ ਤੋੜ ਗਿਆ। ਕੰਵਰ ਨੌਨਿਹਾਲ ਸਿੰਘ ਦੀ ਮੌਤ ਤੋਂ ਬਾਅਦ ਕਾਫ਼ੀ ਜੱਦੋ-ਜਹਿਦ ਉਪਰੰਤ ਸ਼ੇਰ ਸਿੰਘ ਪੰਜਾਬ ਦਾ ਰਾਜਾ ਬਣਿਆ ਅਤੇ ਧਿਆਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾਇਆ ਗਿਆ। ਉਸ ਵੇਲੇ ਦੀ ਸਿਆਸੀ ਸਥਿਤੀ ਬਾਰੇ ਪਿਆਰਾ ਸਿੰਘ ਪਦਮ ਲਿਖਦੇ ਹਨ ਕਿ “ਇਸ ਸਮੇਂ ਲਾਹੌਰ ਦਰਬਾਰ ਵਿਚ ਆਪਾ ਧਾਪੀ ਮੱਚ ਗਈ; ਕੁਝ ਚਾਹੁੰਦੇ ਸੀ ਕਿ ਮਹਾਰਾਜਾ ਖੜਕ ਸਿੰਘ ਦੀ ਵਿਧਵਾ ਰਾਣੀ ਚੰਦ ਕੌਰ ਰਾਜ ਚਲਾਵੇ ਤੇ ਕੁਝ ਮਹਾਰਾਜਾ ਸ਼ੇਰ ਸਿੰਘ ਨੂੰ ਗੱਦੀ ਬਿਠਾਉਣਾ ਚਾਹੁੰਦੇ ਸਨ। ਸ਼ੇਰ ਸਿੰਘ ਫ਼ੌਜ ਲੈ ਕੇ ਲਾਹੌਰ ਉੱਤੇ ਚੜ੍ਹ ਕੇ ਆਇਆ। ਚ¨ਕਿ ਗੁਲਾਬ ਸਿੰਘ ਨੇ ਰਾਣੀ ਦੀ ਹਮਾਇਤ ਕਰਦਿਆਂ ਕਿਲ੍ਹੇ ਵਿਚ ਬਹਿ ਕੇ ਟਾਕਰਾ ਕਰਾਇਆ ਸੀ, ਇਸ ਕਰਕੇ ਉਹ ਰਾਤੋ ਰਾਤ ਕਰੋੜਾਂ ਦਾ ਕੀਮਤੀ ਮਾਲ ਲੈ ਕੇ ਜੰਮੂ ਨੱਸ ਗਿਆ ਤੇ ਕਾਫ਼ੀ ਫ਼ੌਜ ਸ਼ੇਰ ਸਿੰਘ ਨਾਲ ਹੋਰ ਰਲ ਗਈ ਤੇ ਉਸ ਰਾਜ ਭਾਗ ਆ ਸੰਭਾਲਿਆ। ਇਸ ਵੇਲੇ ਇਕ ਪਾਸੇ ਡੋਗਰੇ ਵਿਉਂਤਾਂ ਵਿਉਂਤ ਕੇ ਆਪਣਾ ਦਬਾਅ ਰੱਖਣਾ ਚਾਹੁੰਦੇ ਸਨ ਤੇ ਦੂਸਰੇ ਪਾਸੇ ਸੰਧਾਵਾਲੀਏ ਸਰਦਾਰ ਤਾਕਤ ਲਈ ਸਰਗਰਮ ਸਨ, ਜਿਨ੍ਹਾਂ ਨੂੰ ਅੰਗਰੇਜ਼ ਵੀ ਕੁਝ ਸ਼ਹਿ ਦੇ ਰਹੇ ਸਨ।”1 ਇਸ ਤਰਾਂ ਸੰਧਾਵਾਲੀਏ ਸਰਦਾਰਾਂ ਅਤੇ ਡੋਗਰਾ ਸਰਦਾਰਾਂ ਵਿਚਕਾਰ ਰਾਜਸੱਤਾ ਪ੍ਰਾਪਤ ਕਰਨ ਦੀ ਕਸ਼ਮਕਸ਼ ਤੇਜ਼ ਹੋ ਗਈ ਸੀ। ਇਸ ਕਸ਼ਮਕਸ਼ ਦੌਰਾਨ ਹੀ ਅਜੀਤ ਸਿੰਘ ਨੇ ਸ਼ੇਰ ਸਿੰਘ ਦਾ ਕਤਲ ਕਰ ਦਿੱਤਾ ਅਤੇ ਦੂਸਰੇ ਪਾਸੇ ਅਜੀਤ ਸਿੰਘ ਦੇ ਚਾਚੇ ਲਹਿਣਾ ਸਿੰਘ ਨੇ ਕੰਵਰ ਪ੍ਰਤਾਪ ਸਿੰਘ ਨੂੰ ਖ਼ਤਮ ਕਰ ਦਿੱਤਾ। ਅਜਿਹਾ ਕਰਨ ਤੋਂ ਬਾਅਦ ਸੰਧਾਵਾਲੀਏ ਸਰਦਾਰ ਰਾਜਸੱਤਾ ਉੱਪਰ ਕਬਜ਼ਾ ਕਰਨ ਦੀਆਂ ਯੋਜਨਾਵਾਂ ਬਣਾਉਣ ਲੱਗੇ। ਇਨ੍ਹਾਂ ਯੋਜਨਾਵਾਂ ਅਧੀਨ ਹੀ ਉਨ੍ਹਾਂ ਨੇ ਰਾਜਾ ਧਿਆਨ ਸਿੰਘ ਦਾ ਕਤਲ ਕਰ ਦਿੱਤਾ ਅਤੇ ਰਾਣੀ ਜਿੰਦਾਂ ਦੇ ਪੁੱਤਰ ਦਲੀਪ ਸਿੰਘ ਨੂੰ ਪੰਜਾਬ ਦਾ ਮਹਾਰਾਜਾ ਘੋਸ਼ਿਤ ਕਰ ਦਿੱਤਾ ਅਤੇ ਉਸ ਦਾ ਮੰਤਰੀ ਲਹਿਣਾ ਸਿੰਘ ਨੂੰ ਬਣਾ ਦਿੱਤਾ। ਸ਼ਾਹ ਮੁਹੰਮਦ ਨੇ ਇਸ ਖ਼ੂਨ ਖਰਾਬੇ ਦੇ ਸੰਬੰਧ ਵਿਚ ਆਪਣੇ ਵਿਚਾਰਾਂ ਨੂੰ ਬੈਂਤਾਂ ਰਾਹੀਂ ਇਸ ਤਰ੍ਹਾਂ ਪ੍ਰਗਟ ਕੀਤਾ ਹੈ :

ਪਹਿਲੇ ਰਾਜੇ ਦੇ ਖ਼ੂਨ ਦਾ ਲਾਇ ਟਿੱਕਾ,

ਪਿੱਛੋਂ ਦਿੱਤੀਆਂ ਚਾਰ ਪ੍ਰਦੱਖਣਾਂ ਈ।

ੇਰੇ ਵਾਸਤੇ ਹੋਏ ਨੇ ਸਭ ਕਾਰੇ,

ੱਗੇ ਸਾਹਿਬ ਸੱਚੇ ਤੈਨੂੰ ਰੱਖਣਾ ਈ।

ਾਨੂੰ ਘੜੀ ਦੀ ਕੁਝ ਉਮੈਦ ਨਾਹੀਂ,

ੱਜ ਰਾਤ ਪ੍ਰਸ਼ਾਦ ਕਿਨ ਚੱਖਣਾ ਈ।

ੇਰੇ ਵੱਲ ਜੋ ਕਰੇਗਾ ਨਜ਼ਰ ਮੰਦੀ,

      ਾਹ ਮੁਹੰਮਦਾ ਕਰਾਂਗੇ ਸੱਖਣਾ ਈ। 26

ਸ਼ਾਹ ਮੁਹੰਮਦ ਅਨੁਸਾਰ ਹੀਰਾ ਸਿੰਘ ਨੂੰ ਜਦੋਂ ਪਤਾ ਲੱਗਾ ਕਿ ਉਸ ਦੇ ਪਿਤਾ ਨੂੰ ਕਤਲ ਕਰ ਦਿੱਤਾ ਗਿਆ ਹੈ ਤਾਂ ਉਸ ਨੇ ਸਿੱਖ ਫ਼ੌਜ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਧਾਵਾਲੀਏ ਸਰਦਾਰਾਂ ਨੇ ਸ਼ੇਰ ਸਿੰਘ, ਕੰਵਰ ਪ੍ਰਤਾਪ ਸਿੰਘ ਅਤੇ ਪ੍ਰਧਾਨ ਮੰਤਰੀ ਧਿਆਨ ਸਿੰਘ ਨੂੰ ਕਤਲ ਕਰਕੇ ਪੰਜਾਬ ਦੇ ਸਾਂਝੇ ਰਾਜ ਨੂੰ ਤੋੜਨ ਦੇ ਯਤਨ ਕੀਤੇ ਹਨ। ਉਸ ਨੇ ਕਿਹਾ ਕਿ ਸੰਧਾਵਾਲੀਏ ਸਰਦਾਰ ਅੰਗਰੇਜ਼ਾਂ ਨਾਲ ਮਿਲ ਕੇ ਪੰਜਾਬ ਨੂੰ ਗ਼ੁਲਾਮ ਬਣਾਉਣਾ ਚਾਹੁੰਦੇ ਹਨ। ਹੀਰਾ ਸਿੰਘ ਨੇ ਫ਼ੌਜ ਨੂੰ ਇਹ ਵੀ ਲਾਲਚ ਦਿੱਤਾ ਕਿ ਜੇਕਰ ਫ਼ੌਜ ਉਸ ਦਾ ਸਾਥ ਦੇਵੇ ਤਾਂ ਉਹ ਇਨ੍ਹਾਂ ਦੇਸ਼ ਧ੍ਰੋਹੀਆਂ ਨੂੰ ਮਜ਼ਾ ਚਖ਼ਾ ਸਕਦਾ ਹੈ ਅਤੇ ਸਾਂਝੇ ਰਾਜ ਨੂੰ ਦੁਬਾਰਾ ਬਹਾਲ ਕਰ ਸਕਦਾ ਹੈ। ਇਸ ਤੋਂ ਇਲਾਵਾ ਉਸ ਨੇ ਇਹ ਵੀ ਲਾਲਚ ਦਿੱਤਾ ਕਿ ਉਹ ਹਰ ਪੈਦਲ ਸਿਪਾਹੀ ਦੀ ਤਨਖ਼ਾਹ ਬਾਰਾਂ ਰੁਪਏ ਮਹੀਨਾ ਅਤੇ ਘੋੜ ਸਵਾਰ ਦੀ ਤੀਹ ਰੁਪਏ ਮਹੀਨਾ ਕਰ ਦੇਵੇਗਾ। ਇਸ ਦਾ ਸਿੱਟਾ ਇਹ ਨਿਕਲਿਆ ਕਿ ਸਿੱਖ ਫ਼ੌਜ ਹੀਰਾ ਸਿੰਘ ਦੀ ਅਗਵਾਈ ਵਿਚ ਯੁੱਧ ਲੜਨ ਲਈ ਤਿਆਰ ਹੋ ਗਈ। ਸਿੱਖ ਲੀਡਰਾਂ ਦੀ ਇਸ ਸਿਆਸੀ ਖ਼ਹਿਬਾਜ਼ੀ ਕਾਰਨ ਕਈ ਸਿੱਖ ਨੇਤਾਵਾਂ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ। ਇਹਨਾਂ ਦੋਹਾਂ ਧਿਰਾਂ ਦੀ ਸਥਿਤੀ ਬਾਰੇ ਸ਼ਾਹ ਮੁਹੰਮਦ ਲਿਖਦਾ ਹੈ :

ਦੋਹਾਂ ਧਿਰਾਂ ਤੋਂ ਬਹੁਤ ਸੂਰਮੱਤ ਹੋਈ,

ੰਡਾ ਵਿਚ ਮੈਦਾਨ ਵਜਾਇ ਗਏ।

ੀਰਾ ਸਿੰਘ ਨਾ ਕਿਸੇ ਨੂੰ ਵੱਧਣ ਦੇਂਦਾ,

ਾਰੇ ਮੁਲਖ਼ ਥੀਂ ਕਲਾ ਮਿਟਾਇ ਗਏ।

ਾਜਾ ਕਰਦਾ ਸੀ ਮੁਲਕ ਦੀ ਪਾਤਸ਼ਾਹੀ,

ਪਿੱਛੇ ਰੱਯਤਾ ਨੂੰ ਵਖ਼ਤ ਪਾਇ ਗਏ।

ਾਹ ਮੁਹੰਮਦਾ ਮਾਰ ਕੇ ਮੋਏ ਦੋਵੇਂ,

      ੰਗੇ ਸੂਰਮੇ ਹੱਥ ਵਿਖਾਇ ਗਏ। 28

ਸਿੱਖ ਫ਼ੌਜਾਂ ਦੀ ਇਸ ਬੁਰਛਾਗਰਦੀ ਲਈ ਅੰਗਰੇਜ਼ ਸਿਆਸਤ ਦਾ ਸਿੱਧੇ ਜਾਂ ਅਸਿੱਧੇ ਤੋਰ’ਤੇ ਹੱਥ ਸੀ। ਉਹ ਉੱਘੇ ਲੀਡਰਾਂ ਨੂੰ ਖ਼ਤਮ ਕਰਵਾ ਕੇ ਖ਼ੁਦ ਪੰਜਾਬ ਉੱਪਰ ਕਬਜ਼ਾ ਕਰਨਾ ਚਾਹੁੰਦੀ ਸੀ। ਉਧਰ, ਨਾਬਾਲਗ ਦਲੀਪ ਸਿੰਘ ਦੇ ਮਹਾਰਾਜਾ ਅਤੇ ਹੀਰਾ ਸਿੰਘ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਹੀਰਾ ਸਿੰਘ, ਪੰਡਤ ਜੱਲ੍ਹੇ ਦੇ ਹੱਥਾਂ ਦੀ ਕਠਪੁਤਲੀ ਬਣ ਜਾਂਦਾ ਹੈ ਜਿਸ ਕਾਰਨ ਉਸ ਨੂੰ ਵੀ ਆਪਣੀ ਜਾਨ ਤੋਂ ਹੱਥ ਧੋਣੇ ਪੈਂਦੇ ਹਨ। ਫ਼ੌਜ, ਹੀਰਾ ਸਿੰਘ ਅਤੇ ਪੰਡਤ ਜੱਲ੍ਹੇ ਨੂੰ ਮਾਰ ਕੇ ਮਹਾਰਾਣੀ ਜਿੰਦ ਕੌਰ ਦੇ ਭਰਾ ਜਵਾਹਰ ਸਿੰਘ ਨੂੰ ਪ੍ਰਧਾਨ ਮੰਤਰੀ ਬਣਾ ਦਿੰਦੀ ਹੈ। ਜਵਾਹਰ ਸਿੰਘ ਹਰ ਹਾਲਤ ਵਿਚ ਚਾਹੁੰਦਾ ਸੀ ਕਿ ਨਾਬਾਲਗ ਦਲੀਪ ਸਿੰਘ ਦਾ ਵਿਰੋਧ ਕਰਨ ਵਾਲਾ ਕੋਈ ਬੰਦਾ ਜ਼ਿੰਦਾ ਨਾ ਰਹੇ। ਆਪਣੀ ਅਜਿਹੀ ਸੋਚ ਸਦਕਾ ਹੀ ਉਸ ਨੇ ਰਣਜੀਤ ਸਿੰਘ ਦੇ ਪੁੱਤਰ ਕੰਵਰ ਪਿਸ਼ੌਰਾ ਸਿੰਘ ਨੂੰ ਮਰਵਾ ਦਿੱਤਾ। ਸਿੱਖ ਫ਼ੌਜ ਨੂੰ ਉਸ ਦੀ ਇਹ ਹਰਕਤ ਚੰਗੀ ਨਾ ਲੱਗੀ ਅਤੇ ਉਸ ਨੇ ਜਵਾਹਰ ਸਿੰਘ ਨੂੰ ਕੋਹ-ਕੋਹ ਕੇ ਮਾਰ ਦਿੱਤਾ। ਜਵਾਹਰ ਸਿੰਘ ਦੀ ਇਸ ਭਿਆਨਕ ਮੌਤ ਨੂੰ ਸ਼ਾਹ ਮੁਹੰਮਦ ਕਰੁਣਾ ਭਰੇ ਲਹਿਜ਼ੇ ਵਿਚ ਇਸ ਤਰ੍ਹਾਂ ਬਿਆਨ ਕਰਦਾ ਹੈ :

ਜਵਾਹਰ ਸਿੰਘ ਦੇ ਉੱਤੇ ਨੀ ਚੜ੍ਹੇ ਸਾਰੇ,

ੱਥਾ ਖ਼ੂਨੀਆਂ ਦੇ ਵਾਂਗ ਵੱਟਿਓ ਨੇ।

ਰਦਾ ਭਾਣਜੇ ਨੂੰ ਲੈ ਕੇ ਮਿਲਣ ਆਇਆ,

ੱਗੋਂ ਨਾਲ ਸੰਗੀਨਾਂ ਦੇ ਫੱਟਿਓ ਨੇ।

ੀਖਾਂ ਨਾਲ ਅੜੁੰਬ ਕੇ ਫ਼ੀਲ ਉੱਤੇ,

ੱਢ ਹੌਦਿਉਂ ਜ਼ਿਮੀ ਤੇ ਸੱਟਿਓ ਨੇ।

ਾਹ ਮੁਹੰਮਦਾ ਵਾਸਤੇ ਪਾਏ ਰਹਿਆ,

      ਸਿਰ ਨਾਲ ਤਲਵਾਰ ਦੇ ਕੱਟਿਓ ਨੇ। 42

ਜਵਾਹਰ ਸਿੰਘ ਨੂੰ ਕਤਲ ਕਰਨ ਤੋਂ ਬਾਅਦ ਸਿੱਖ ਫ਼ੌਜ ਨੇ ਰਾਣੀ ਜਿੰਦ ਕੌਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ। ਰਾਣੀ ਜਿੰਦ ਕੌਰ ਹਰ ਹਾਲਤ ਵਿਚ ਆਪਣੇ ਪੁੱਤਰ ਦਲੀਪ ਸਿੰਘ ਨੂੰ ਸੁਰੱਖਿਅਤ ਰੱਖਣਾ ਚਾਹੁੰਦੀ ਸੀ, ਜਿਸ ਕਰਕੇ ਉਹ ਅੰਗਰੇਜ਼ ਹਾਕਮਾਂ ਵੱਲ ਝੁਕ ਗਈ। ਦੂਸਰੇ ਪਾਸੇ ਸੰਧਾਵਾਲੀਏ ਸਰਦਾਰ ਵੀ ਅੰਗਰੇਜ਼ ਹਾਕਮਾਂ ਦੇ ਇਸ਼ਾਰਿਆਂ’ਤੇ ਕੰਮ ਕਰ ਰਹੇ ਸਨ। ਸੰਧਾਵਾਲੀਆ ਸਰਦਾਰ ਅਤਰ ਸਿੰਘ ਅੰਗਰੇਜ਼ਾਂ ਨਾਲ ਮਿਲ ਕੇ ਪੰਜਾਬ ਦੀ ਰਾਜਸੱਤਾ ਉੱਪਰ ਕਬਜ਼ਾ ਕਰਨਾ ਚਾਹੁੰਦਾ ਸੀ ਅਤੇ ਇਸ ਦੇ ਬਦਲੇ ਵਿਚ ਉਹ ਪੰਜਾਬ ਦਾ ਕੁਝ ਹਿੱਸਾ ਅੰਗਰੇਜ਼ਾਂ ਨੂੰ ਦੇਣ ਲਈ ਮੰਨ ਗਿਆ ਸੀ। ਗੁਲਾਬ ਸਿੰਘ ਪਹਿਲਾਂ ਹੀ ਅੰਗਰੇਜ਼ਾਂ ਦੀ ਸ਼ਰਨ ਵਿਚ ਜਾ ਚੁੱਕਾ ਸੀ। ਇਸ ਤਰ੍ਹਾਂ ਅੰਗਰੇਜ਼ ਸਾਮਰਾਜ ਨੇ ਪੰਜਾਬ ਦੇ ਜਗੀਰੂ ਪ੍ਰਬੰਧ ਨੂੰ ਤੋੜਨ ਲਈ ਹਰ ਜਾਇਜ਼-ਨਜਾਇਜ਼ ਤਰੀਕੇ ਵਰਤੇ ਸਨ। ਪੰਜਾਬ ਦੀ ਰਾਜਸੱਤਾ ਦਾ ਪੁਨਰਗਠਨ ਕਰਨ ਵਾਲੇ ਕਿਸੇ ਸਮਰੱਥ ਨੇਤਾ ਦੀ ਅਣਹੋਂਦ ਕਾਰਨ ਸਿੱਖ ਫ਼ੌਜ ਲਾਲਚੀ ਤੇ ਬੇਮੁਹਾਰੀ ਹੋ ਗਈ ਸੀ। ਸ਼ਾਮ ਸਿੰਘ ਵਰਗੇ ਸਿੱਖ ਲੀਡਰ ਵੀ ਫ਼ੌਜ ਦੀ ਇਸ ਬੁਰਛਾਗਰਦੀ ਤੋਂ ਉਪਰਾਮ ਹੋ ਚੁੱਕੇ ਸਨ। ਸਿੱਖ ਫ਼ੌਜ ਹੁਣ ਰਾਣੀ ਜਿੰਦ ਕੌਰ ਦੀ ਸਿਆਸੀ ਸ਼ਕਤੀ ਨੂੰ ਘਟਾ ਕੇ ਅਤੇ ਆਪਣੀ ਸੱਤਾ ਨੂੰ ਵਧਾ ਕੇ ਲਾਹੌਰ ਦਰਬਾਰ ਦੀ ਸਿਆਸਤ ਵਿਚ ਸੰਤੁਲਨ ਲਿਆਉਣਾ ਚਾਹੁੰਦੀ ਸੀ। ਦਲੀਪ ਸਿੰਘ ਦੇ ਨਾਬਾਲਗ ਹੋਣ ਕਾਰਨ ਜਿੰਦ ਕੌਰ ਉਸ ਦੇ ਨਾਂ’ਤੇ ਰਾਜ ਕਰ ਰਹੀ ਸੀ। ਰਾਣੀ ਜਿੰਦ ਕੌਰ ਨੇ ਲਾਲ ਸਿੰਘ ਨੂੰ ਮੁੱਖ ਮੰਤਰੀ ਅਤੇ ਤੇਜਾ ਸਿੰਘ ਨੂੰ ਫ਼ੌਜ ਦਾ ਕਮਾਂਡਰ-ਇਨ-ਚੀਫ਼ ਥਾਪ ਦਿੱਤਾ ਸੀ। ਰਾਣੀ ਜਿੰਦ ਕੌਰ ਦੇ ਰਾਜ ਕਾਲ ਦੌਰਾਨ ਹੀ ਸਿੱਖਾਂ ਤੇ ਅੰਗਰੇਜ਼ਾਂ ਦੀ ਪਹਿਲੀ ਲੜਾਈ ਲੜੀ ਗਈ, ਜਿਸ ਦਾ ਵਿਸਤਾਰ ਸਹਿਤ ਵਰਣਨ ਸ਼ਾਹ ਮੁਹੰਮਦ ਨੇ ਆਪਣੇ ਜੰਗਨਾਮੇ ਦੇ ਦੂਸਰੇ ਅੱਧ ਵਿਚ ਕੀਤਾ ਹੈ।

ਸ਼ਾਹ ਮੁਹੰਮਦ ਪੰਜਾਬ ਦੀ ਰਾਜਸੱਤਾ ਦੀ ਤਬਾਹੀ ਮੁੱਖ ਤੌਰ’ਤੇ ਰਾਣੀ ਜਿੰਦਾ ਦੇ ਸਿਰ’ਤੇ ਮੜ੍ਹਦਾ ਹੈ। ਉਸ ਦਾ ਮੰਨਣਾ ਹੈ ਕਿ ਰਾਣੀ ਜਿੰਦਾਂ ਨੇ ਆਪਣੇ ਭਰਾ ਜਵਾਹਰ ਸਿੰਘ ਦਾ ਬਦਲਾ ਲੈਣ ਲਈ ਅੰਗਰੇਜ਼ ਹਾਕਮਾਂ ਨਾਲ ਗੁਪਤ ਸਮਝੌਤਾ ਕੀਤਾ। ਉਸ ਨੇ ਰਾਜ-ਧ੍ਰੋਹੀ ਅਤੇ ਗ਼ਦਾਰ ਸਰਦਾਰਾਂ ਤੇ ਜਾਗੀਰਦਾਰਾਂ ਨਾਲ ਮਿਲ ਕੇ ਪੰਜਾਬ ਦੀ ਤਤਕਾਲੀਨ ਸਿਆਸਤ ਨੂੰ ਗੰਧਲਾ ਕੀਤਾ, ਜਿਸ ਦੇ ਸਿੱਟੇ ਵਜੋਂ ਪੰਜਾਬ ਗ਼ੁਲਾਮੀ ਦੀਆਂ ਜੰਜ਼ੀਰਾਂ ਵਿਚ ਜਕੜਿਆ ਗਿਆ। ਸ਼ਾਹ ਮੁਹੰਮਦ ਸਿੱਖ ਫ਼ੌਜ ਦੀ ਵਧੀ ਹੋਈ ਸਿਆਸੀ ਸ਼ਕਤੀ ਬਾਰੇ ਰਾਣੀ ਜਿੰਦ ਕੌਰ ਦੇ ਡਰ ਨੂੰ ਇਸ ਤਰ੍ਹਾਂ ਪ੍ਰਗਟ ਕਰਦਾ ਹੈ :

ਪਈ ਝੂਰਦੀ ਏ ਰਾਣੀ ਜਿੰਦ ਕੌਰਾਂ,

ਕਿਥੋਂ ਕੱਢਾਂ ਮੈਂ ਕਲਗੀਆਂ ਨਿੱਤ ਤੋੜੇ।

ੇਰੇ ਸਾਹਮਣੇ ਕੋਹਿਆ ਏ ਵੀਰ ਮੇਰਾ,

ਜਿਸ ਦੀ ਤਾਬਿਆ ਲੱਖ ਹਜ਼ਾਰ ਘੋੜੇ।

ਕਿਥੋਂ ਕੱਢਾਂ ਮੈਂ ਦੇਸ ਫ਼ਰੰਗੀਆਂ ਦਾ,

ੋਈ ਮਿਲੇ ਜੋ ਇਨ੍ਹਾਂ (ਦਾ) ਗਰਬ ਤੋੜੇ।

ਾਹ ਮੁਹੰਮਦਾ ਓਸ ਥੀਂ ਜਾਨ ਵਾਰਾਂ,

      ਵਾਹਰ ਸਿੰਘ ਦਾ ਵੈਰ ਜੇ ਕੋਈ ਮੋੜੇ। 44

ਸਿੱਖ ਫ਼ੌਜ ਤੋਂ ਕੇਵਲ ਰਾਣੀ ਜਿੰਦ ਕੌਰ ਹੀ ਦੁਖੀ ਨਹੀਂ ਸੀ ਬਲਕਿ “ਲਗਪਗ ਸਾਰੀ ਜਾਗੀਰਦਾਰ ਸ਼੍ਰੇਣੀ, ਸਾਰੀ ਅਫ਼ਸਰ ਕਲਾਸ ਤੇ ਉਹ ਲੋਕ ਜਿਨ੍ਹਾਂ ਦੇ ਹੱਥ ਵਿਚ ਰਾਜਸੱਤਾ ਸੀ, ਸਭ ਦੇ ਸਭ ਫ਼ੌਜ ਦੀਆਂ ਪੰਚਾਇਤਾਂ ਤੋਂ ਭੈਅ ਖਾਣ ਲੱਗ ਪਏ। ਇਸ ਤਰ੍ਹਾਂ ਦੋ ਧੜੇ ਹੋ ਗਏ ਸਨ, ਜਿਨ੍ਹਾਂ ਨੂੰ ਇਕ ਦੂਜੇ ਤੋਂ ਹਮੇਸ਼ਾਂ ਸੰਦੇਹ ਰਹਿੰਦਾ ਸੀ। ਇਸ ਵਾਤਾਵਰਣ ਵਿਚ ਰਾਣੀ ਦਾ ਜਾਂ ਉਸਦੇ ਵੱਡੇ ਅਧਿਕਾਰੀਆਂ ਦਾ ਫ਼ੌਜ ਦੀ ਵਧੀ ਹੋਈ ਸ਼ਕਤੀ ਨੂੰ ਨਿਰਬਲ ਕਰਨ ਵਾਸਤੇ ਸੋਚਣਾ ਅਤੇ ਉਸ ਲਈ ਗੁੱਝੀਆਂ ਵਿਉਂਤਾਂ ਉਸਾਰਨੀਆਂ ਕੋਈ ਅਜੀਬ ਗੱਲ ਨਹੀਂ ਲਗਦੀ।”2 ਇਹੋ ਕਾਰਨ ਹੈ ਕਿ ਰਾਣੀ ਜਿੰਦ ਕੌਰ ਆਪਣੀ ਰਾਜਗੱਦੀ ਨੂੰ ਜਦੋਂ ਖ਼ਾਲਸਾ ਫ਼ੌਜ ਕਾਰਨ ਡਾਵਾਂਡੋਲ ਹੋਈ ਵੇਖਦੀ ਹੈ ਤਾਂ ਉਸ ਦਾ ਝੁਕਾਅ ਅੰਗਰੇਜ਼ਾਂ ਵੱਲ ਹੋ ਜਾਂਦਾ ਹੈ। ਰਾਣੀ ਜਿੰਦ ਕੌਰ ਦੀ ਅਜਿਹੀ ਸਿਆਸੀ ਸੋਚ ਵੱਲ ਇਸ਼ਾਰਾ ਕਰਦਾ ਹੋਇਆ ਸ਼ਾਹ ਮੁਹੰਮਦ ਲਿਖਦਾ ਹੈ :

ਅਰਜ਼ੀ ਲਿਖੀ ਫ਼ਿਰੰਗੀ ਨੂੰ ਕੁੰਜ ਗੋਸ਼ੇ,

ਹਿਲੇ ਆਪਣਾ ਸੁੱਖ ਆਨੰਦ ਵਾਰੀ।

ੇਰੇ ਵੱਲ ਮੈਂ ਫ਼ੌਜਾਂ ਨੂੰ ਘੱਲਣੀ ਆਂ,

ੱਟੇ ਕਰੀਂ ਤ¨ ਇਨ੍ਹਾਂ ਦੇ ਦੰਦ ਵਾਰੀ।

ਜਿਹੜਾ ਜ਼ੋਰ ਤ¨ ਆਪਣਾ ਸਭ ਲਾਵੀਂ,

ਪਿੱਛੇ ਖ਼ਰਚ ਮੈਂ ਕਰਾਂਗੀ ਬੰਦ ਵਾਰੀ।

ਾਹ ਮੁਹੰਮਦਾ ਫੇਰ ਨਾ ਆਉਣ ਮੁੜ ਕੇ,

             ੈਨੂੰ ਏਤਨੀ ਬਾਤ ਪਸੰਦ ਵਾਰੀ। 47

ਜਾਂ

ਪਹਿਲੇ ਪਾਰ ਦਾ ਮੁਲਖ ਤ¨ ਮੱਲ ਸਾਡਾ,

ਪੇ ਖਾ ਗੁੱਸਾ ਤੈਥੋਂ ਆਵਣੀਗੇ।

ੋਈ ਲੜਨਗੇ ਹੋਣ ਬੇਖ਼ਬਰ ਜਿਹੜੇ,

ੱਥਾ ਕਦੀ ਸਰਦਾਰ ਨਾ ਡਾਹਵਣੀਗੇ।

ਸੇ ਵਾਸਤੇ ਫ਼ੌਜ ਮੈਂ ਫ਼ਾੜ ਛੱਡੀ,

ਈ ਭਾਂਜ ਅਚਾਨਕੀ ਪਾਵਣੀਗੋ।

ਾਹ ਮੁਹੰਮਦਾ ਲਾਟ ਜੀ ਕਟਕ ਤੇਰੇ,

      ੇਰੇ ਗਲੋਂ ਤਗਾਦੜੀ ਲਾਹਵਣੀਗੇ। 48

ਜਿੰਦ ਕੌਰ ਦੀ ਅਜਿਹੀ ਸਿਆਸਤ ਦੇ ਸਿੱਟੇ ਵਜੋਂ ਹੀ ਅੰਗਰੇਜ਼ ਹਾਕਮਾਂ ਨੇ ਸਤਲੁਜ ਤੋਂ ਪਾਰ ਦਾ ਇਲਾਕਾ ਆਪਣੇ ਕਬਜ਼ੇ ਹੇਠ ਲੈ ਲਿਆ ਸੀ। ਇਸ ਪ੍ਰਕਾਰ ਅੰਗਰੇਜ਼ਾਂ ਨੇ 1809 ਈ. ਵਿਚ ਰਣਜੀਤ ਸਿੰਘ ਨਾਲ ਹੋਏ ਸਮਝੌਤੇ ਨੂੰ ਤੋੜ ਦਿੱਤਾ ਸੀ। ਪਿਆਰਾ ਸਿੰਘ ਪਦਮ ਅਨੁਸਾਰ, “ਖ਼ਾਲਸਾ ਸਰਕਾਰ ਤੇ ਫਿਰੰਗੀ ਸਰਕਾਰ ਦਰਮਿਆਨ 1809 ਵਿਚ ਹੋਏ ਅਹਿਦਨਾਮੇ ਅਨੁਸਾਰ ਅੰਗਰੇਜ਼ ਕੇਵਲ ਢਾਈ ਹਜ਼ਾਰ ਫ਼ੌਜ ਹੀ ਰੱਖ ਸਕਦਾ ਸੀ। ਪਰ ਇਸ ਵੇਲੇ ਲਾਰਡ ਹਾਰਡਿੰਗ ਨੇ ਸਿੱਖ ਰਾਜ ਦੀ ਸਰਹੱਦ ਉੱਤੇ 32 ਹਜ਼ਾਰ ਫ਼ੌਜ, 98 ਤੋਪਾਂ ਤੇ ਸਤਲੁਜ ਪਾਰ ਕਰਨ ਲਈ ਬੰਬਈ ਤੋਂ 70 ਬੇੜੀਆਂ ਵੀ ਮੰਗਵਾ ਰੱਖੀਆਂ ਸਨ। ਇਸ ਤਰ੍ਹਾਂ ਅਹਿਦਨਾਮੇ ਨੂੰ ਤੋੜ ਕੇ ਕਈ ਹੋਰ ਗੱਲਾਂ ਵੀ ਕੀਤੀਆਂ, ਜਿਵੇਂ ਲੁਧਿਆਣੇ ਲਾਗੇ ਕੁਝ ਪਿੰਡ ਸਨ, ਇਹ ਸਭ ਅੰਗਰੇਜ਼ ਸਰਕਾਰ ਨੇ ਆਪਣੇ ਅਧੀਨ ਕਰ ਲਏ ਸਨ।”3 ਸ਼ਾਹ ਮੁਹੰਮਦ ਅਨੁਸਾਰ ਰਾਣੀ ਜਿੰਦ ਕੌਰ ਅੰਗਰੇਜ਼ ਹਾਕਮਾਂ ਦੀ ਮਦਦ ਕਰਦੀ ਹੋਈ ਸਿੱਖ ਫ਼ੌਜ ਵਿਚ ਫੁੱਟ ਪਾਉਣ ਦਾ ਯਤਨ ਕਰਦੀ ਹੈ। ਜਦੋਂ ਉਹ ਸਿੱਖਿਅਤ ਸਿੱਖ ਫ਼ੌਜ ਨੂੰ ਕਸ਼ਮੀਰ ਵੱਲ ਭੇਜਣਾ ਚਾਹੁੰਦੀ ਹੈ ਤਾਂ ਫ਼ੌਜ ਅੰਗਰੇਜ਼ ਸਾਮਰਾਜ ਨਾਲ ਦੋ ਹੱਥ ਕਰਨ ਲਈ ਕਹਿੰਦੀ ਹੈ। ਸ਼ਾਹ ਮੁਹੰਮਦ ਅਨੁਸਾਰ ਸਿੱਖ ਫ਼ੌਜ ਰਾਣੀ ਜਿੰਦ ਕੌਰ ਦੀਆਂ ਸਿਆਸੀ ਕੂਟਨੀਤੀਆਂ ਦਾ ਸ਼ਿਕਾਰ ਹੋ ਜਾਂਦੀ ਅਤੇ ਉਹ ਅੰਗਰੇਜ਼ਾਂ ਦੇ ਵੱਡੇ ਅਫ਼ਸਰਾਂ ਨੂੰ ਮਾਰਨਾ ਚਾਹੁੰਦੀ ਹੈ। ਹੇਠ ਲਿਖੀਆਂ ਸਤਰਾਂ ਰਾਣੀ ਜਿੰਦ ਕੌਰ ਅਤੇ ਸਿੱਖ ਫ਼ੌਜ ਦੀ ਅਜਿਹੀ ਸੋਚ ਨੂੰ ਹੀ ਪ੍ਰਗਟ ਕਰਦੀਆਂ ਹਨ :

ਫਰਾਂਸੀਸਾਂ ਨੂੰ ਅੰਦਰੋਂ ਹੁਕਮ ਹੋਇਆ,

ੁਸੀਂ ਜਾਉ ਖ਼ਾਂ ਤਰਫ਼ ਕਸ਼ਮੀਰ ਨੂੰ ਜੀ।

ਨ੍ਹਾਂ ਰੱਬ ਦਾ ਵਾਸਤਾ ਪਾਇਆ ਈ,

ਾਈ ਫੜੀਂ ਨਾ ਕਿਸੇ ਤਕਸੀਰ ਨੂੰ ਜੀ।

ਾਰੋਂ ਮੁਲਕ ਫ਼ਰੰਗੀਆਂ ਮੱਲ ਲਿਆ,

ਸੀਂ ਮਾਰਾਂਗੇ ਓਸ ਦੇ ਪੀਰ ਨੂੰ ਜੀ।

ਾਹ ਮੁਹੰਮਦਾ ਆਏ ਨੇ ਹੋਰ ਪਰਿਓਂ,

      ਸਾਂ ਡੱਕਣਾ ਓਸ ਵਹੀਰ ਨੂੰ ਜੀ। 51

ਇਸ ਤਰ੍ਹਾਂ ਰਾਣੀ ਜਿੰਦ ਕੌਰ ਸਿੱਖ ਫ਼ੌਜ ਨੂੰ ਇਕੱਤਰ ਕਰਦੀ ਹੈ ਤੇ ਉਸ ਨੂੰ ਅੰਗਰੇਜ਼ਾਂ ਵੱਲੋਂ ਕਬਜ਼ੇ ਵਿਚ ਲਏ ਇਲਾਕੇ ਵਿਚ ਘੁਸਪੈਠ ਕਰਕੇ ਲੁੱਟ ਮਾਰ ਕਰਨ ਲਈ ਉਕਸਾਉਂਦੀ ਹੈ। ਸ਼ਾਹ ਮੁਹੰਮਦ ਇਸ ਸੰਬੰਧ ਵਿਚ ਲਿਖਦਾ ਹੈ :

ਮਾਈ ਆਖਿਆ ਸੱਭ ਚੜ੍ਹ ਜਾਣ ਫ਼ੌਜਾਂ,

ੂਹੇ ਸ਼ਹਿਰ ਦੇ ਰਹਿਣ ਨਾ ਸੱਖਣੇ ਜੀ।

ੁਸਲਮਾਨੀਆਂ ਪੜਤਲਾਂ ਰਹਿਣ ਏਥੇ,

ੋੜ ਚੜ੍ਹੇ ਨਾਹੀਂ ਏਥੇ ਰੱਖਣੇ ਜੀ।

ਲਗ਼ੀ ਵਾਲੜੇ ਖ਼ਾਲਸਾ ਹੋਣ ਮੋਹਰੇ,

ੱਗੇ ਹੋਰ ਗਰੀਬ ਨਾ ਧੱਕਣੇ ਜੀ।

ਾਹ ਮੁਹੰਮਦਾ ਜਿਨ੍ਹਾਂ ਦੀ ਤਲਬ ਤੇਰ੍ਹਾਂ,

             ਜ਼ੇ ਤਿਨ੍ਹਾਂ ਲੜਾਈਆਂ ਦੇ ਚੱਖਣੇ ਜੀ। 52

ਜਾਂ

ਸਾਰੇ ਪੰਥ ਨੂੰ ਸੱਦ ਕੇ ਕਹਿਣ ਲੱਗੀ,

ੈਥੋਂ ਗਏ ਖ਼ਜ਼ਾਨੇ ਨਿਖੁੱਟ ਵਾਰੀ।

ਮਨਾਂ ਤੀਕ ਪਿਆ ਜੇ ਦੇਸ ਸੁੰਞਾ,

ਾਓ ਦੇਸ ਫ਼ਰੰਗੀ ਦਾ ਲੁੱਟ ਵਾਰੀ।

ਾਰੋ ਸ਼ਹਿਰ ਫੀਰੋਜ਼ਪੁਰ, ਲੁਧਿਆਣਾ,

ੁੱਟੇ ਛਾਵਣੀ ਓਸ ਦੀ ਪੁੱਟ ਵਾਰੀ।

ਾਹ ਮੁਹੰਮਦਾ ਲਵੋ ਇਨਾਮ ਮੈਥੋਂ,

      ੜੇ, ਕੈਂਠੇ ਮੈਂ ਦੇਵਾਂਗੀ ਸੁੱਟ ਵਾਰੀ। 53

ਸਿੱਖ ਫ਼ੌਜ ਵੀ ਰਾਣੀ ਜਿੰਦ ਕੌਰ ਦੇ ਉਪਰੋਕਤ ਸ਼ਾਹੀ ਫੁਰਮਾਨਾਂ ਨੂੰ ਪ੍ਰਵਾਨ ਕਰ ਲੈਂਦੀ ਹੈ। ਪੰਜਾਬ ਰਾਜ ਦੇ ਕਈ ਵਫ਼ਾਦਾਰ ਸਰਦਾਰ ਗੁਰਮਤਾ ਪਾਸ ਕਰਦੇ ਹਨ ਕਿ ਅੰਗਰਜ਼ ਵਿਰੁੱਧ ਹਮਲਾ ਕਰਨਾ ਜ਼ਰੂਰੀ ਹੈ ਅਤੇ ਪੰਜਾਬ ਦੀ ਆਜ਼ਾਦੀ ਨੂੰ ਕਾਇਮ ਰੱਖਣਾ ਵੀ ਲਾਜ਼ਮੀ ਹੈ। ਸਿੱਖ ਫ਼ੌਜ ਦੇ ਇਕ ਹਿੱਸੇ ਦੀ ਅਜਿਹੀ ਸਿਆਸਤ ਬਾਰੇ ਸ਼ਾਹ ਮੁਹੰਮਦ ਲਿਖਦਾ ਹੈ :

ਸਿੰਘਾਂ ਸਾਰਿਆਂ ਬੈਠ ਗੁਰਮਤਾ ਕੀਤਾ,

ਚੱਲੋ ਜਾਏ ਫ਼ਰੰਗੀ ਨੂੰ ਮਾਰੀਏ ਜੀ।

ਕ ਵਾਰ ਜੇ ਸਾਹਮਣੇ ਹੋਏ ਸਾਡੇ,

ਕ ਘੜੀ ਵਿਚ ਪਾਰ ਉਤਾਰੀਏ ਜੀ।

ੀਰ ਸਿੰਘ ਜਹੇ ਅਸਾਂ ਨਹੀਂ ਛੱਡੇ,

ਸੀਂ ਕਦੀ ਨਾ ਓਸ ਤੋਂ ਹਾਰੀਏ ਜੀ।

ਾਹ ਮੁਹੰਮਦਾ ਮਾਰ ਕੇ ਲੁਧਿਆਣਾ,

      ੌਜਾਂ ਦਿੱਲੀ ਦੇ ਵਿਚ ਉਤਾਰੀਏ ਜੀ। 56

ਸ਼ਾਹ ਮੁਹੰਮਦ ਖ਼ਾਲਸਾ ਫ਼ੌਜ ਦੇ ਇਸ ਸਿਆਸੀ ਅਣਜਾਣਪੁਣੇ ਵੱਲ ਸੰਕੇਤ ਕਰਦਾ ਹੈ :

ਸਿੰਘਾ ਆਖਿਆ ਲੜਾਂਗੇ ਹੋ ਟੋਟੇ,

ਾਨੂੰ ਖ਼ਬਰ ਘੱਲੀਂ ਦਿਨੇ ਰਾਤ ਮਾਈ

ੇਰੀ ਨੌਕਰੀ ਵਿਚ ਨਾ ਫ਼ਰਕ ਕਰਸਾਂ,

ਾਵੇਂ ਖੂਹ ਘੱਤੀ ਭਾਵੇਂ ਖਾਤ ਮਾਈ।

ਸਿੰਘਾਂ ਭੋਲਿਆਂ ਮੂਲ ਨਾ ਸਹੀ ਕੀਤਾ,

ੁੱਝਾ ਕਰਨ ਲੱਗੀ ਸਾਡਾ ਘਾਤ ਮਾਈ।

ਾਹ ਮੁਹੰਮਦਾ ਅਜੇ ਨਾ ਜਾਣਿਓ ਨੇ,

      ਾਲੀ ਪਈ ਏ ਚੋਪੜੀ ਪ੍ਰਾਤ ਮਾਈ। 54

ਸ਼ਾਹ ਮੁਹੰਮਦ, ਰਾਣੀ ਜਿੰਦ ਕੌਰ ਦੀ ਸਿਆਸੀ ਸ਼ਕਤੀ ਵੱਲ ਇਸ਼ਾਰਾ ਕਰਦਾ ਹੋਇਆ ਕਹਿੰਦਾ ਹੈ :

ਜਿਨ੍ਹਾਂ ਮਾਰਿਆ ਕੋਹਿ ਕੇ ਵੀਰ ਮੇਰਾ,

ੈਂ ਤਾਂ ਖੁਹਾਊਂਗੀ ਉਨ੍ਹਾਂ ਦੀ ਜੁੰਡੀਆਂ ਨੀ।

ਾਕਾਂ ਜਾਣ ਵਲਾਇਤੀਂ ਦੇਸ ਸਾਰੇ,

ਾਵਾਂ ਬੱਕਰੇ ਵਾਂਗ ਚਾ ਵੰਡੀਆਂ ਨੀ।

ੂੜੇ ਲਹਿਣਗੇ ਬਹੁਤ ਸੁਹਾਗਣਾਂ ਦੇ,

ੱਕ, ਚੌਕ ਤੇ ਵਾਲੀਆਂ ਡੰਡੀਆਂ ਨੀ।

ਾਹ ਮੁਹੰਮਦਾ ਪੈਣਗੇ ਵੈਣ¨ਘੇ,

      ਦੋਂ ਹੋਣ ਪੰਜਾਬਣਾਂ ਰੰਡੀਆਂ ਨੀ। 46

ਸ਼ਾਹ ਮੁਹੰਮਦ ਅਨੁਸਾਰ ਰਾਣੀ ਜਿੰਦ ਕੌਰ ਦੀਆਂ ਸਿਆਸੀ ਨੀਤੀਆਂ’ਤੇ ਚਲਦਿਆਂ ਸਿੱਖ ਫ਼ੌਜ ਮੁਦਕੀ, ਫੇਰੂ ਸ਼ਹਿਰ, ਅਲੀਵਾਲ ਅਤੇ ਸਭਰਾਵਾਂ ਦੀਆਂ ਜੰਗਾਂ ਲੜਦੀ ਹੈ। ਤੇਜਾ ਸਿੰਘ ਅਤੇ ਉਸ ਦੀ ਗ਼ਦਾਰੀ ਸਦਕਾ ਸਿੱਖ ਫ਼ੌਜ ਨੂੰ ਹਾਰ ਦਾ ਮ¨ਹ ਵੇਖਣਾ ਪੈਂਦਾ ਹੈ। ਸ਼ਾਹ ਮੁਹੰਮਦ ਅਨੁਸਾਰ ਰਾਣੀ ਜਿੰਦ ਕੌਰ ਸਿੱਖ ਫ਼ੌਜ ਦੀ ਇਸ ਹਾਰ’ਤੇ ਖੁਸ਼ ਹੁੰਦੀ ਹੈ, ਪਰ ਅਜੇ ਵੀ ਉਸ ਨੂੰ ਬਾਕੀ ਬਚੀ ਫ਼ੌਜ ਤੋਂ ਡਰ ਲੱਗਦਾ ਹੈ। ਰਾਣੀ ਜਿੰਦ ਕੌਰ ਅੰਗਰੇਜ਼ ਹਾਕਮਾਂ ਨੂੰ ਹੇਠ ਲਿਖਿਆ ਪੈਗ਼ਾਮ ਭੇਜਦੀ ਹੈ, ਜਿਹੜਾ ਉਸ ਦੀਆਂ ਸਿਆਸੀ ਕੂਟਨੀਤੀਆਂ ਨੂੰ ਸਪੱਸ਼ਟ ਕਰਦਾ ਹੈ :

ਲਿਖਿਆ ਤੁਰਤ ਪੈਗ਼ਾਮ ਰਾਣੀ ਜਿੰਦ ਕੌਰਾਂ,

ੋਈ ਤੁਸਾਂ ਨੇ ਦੇਰ ਨਹੀਂ ਲਾਵਣੀ ਜੀ।

ਹਿੰਦੀ ਫ਼ੌਜ ਦਾ ਕਰੋ ਇਲਾਜ ਕੋਈ,

ਾਬੂ ਤੁਸਾਂ ਬਗੈਰ ਨਾ ਆਵਣੀ ਜੀ।

ੇਰੀ ਜਾਨ ਦੇ ਰੱਬ ਜਾਂ ਤੁਸੀਂ ਰਾਖੇ,

ਾਓ ਵਿਚ ਲਾਹੌਰ ਦੇ ਛਾਵਣੀ ਜੀ।

ਾਹ ਮੁਹੰਮਦਾ ਅੱਜ ਮੈਂ ਲਿਆ ਬਦਲਾ,

      ੱਗੇ ਹੋਰ ਕੀ ਰੱਬ ਨੂੰ ਭਾਵਣੀ ਜੀ। 95

ਸ਼ਾਹ ਮੁਹੰਮਦ ਲਿਖਦਾ ਹੈ ਕਿ ਰਾਣੀ ਜਿੰਦ ਕੌਰ ਦੀਆਂ ਇਨ੍ਹਾਂ ਕੂਟਨੀਤੀਆਂ ਸਦਕਾ ਹੀ ਪੰਜਾਬ ਦਾ ਰਾਜ ਪੰਜਾਬੀਆਂ ਕੋਲੋਂ ਅੰਗਰੇਜ਼ ਹਾਕਮ ਖੋਹ ਲੈਂਦੇ ਹਨ। ਪੰਜਾਬ ਦਾ ਇਹ ਆਜ਼ਾਦ ਖੇਤਰ ਵੀ ਅਖ਼ੀਰ ਬਾਕੀ ਭਾਰਤ ਵਾਂਗ ਅੰਗਰੇਜ਼ਾਂ ਦੇ ਕਬਜ਼ੇ ਅਧੀਨ ਆ ਜਾਂਦਾ ਹੈ। ਇਹੋ ਕਾਰਨ ਹੈ ਕਿ ਸ਼ਾਹ ਮੁਹੰਮਦ ਰਾਣੀ ਜਿੰਦ ਕੌਰ ਦੀਆਂ ਸਿਆਸੀ ਕੂਟਨੀਤੀਆਂ ਦਾ ਪਰਦਾ ਫ਼ਾਸ਼ ਕਰਨ ਦਾ ਯਤਨ ਕਰਦਾ ਹੈ। ਜੰਗਨਾਮਾਕਾਰ ਰਾਣੀ ਜਿੰਦ ਕੌਰ ਦੀਆਂ ਸਿਆਸੀ ਕੂਟਨੀਤੀਆਂ ਕਾਰਨ ਹੋਏ ਪੰਜਾਬ ਦੇ ਨੁਕਸਾਨ ਬਾਰੇ ਸਪੱਸ਼ਟ ਕਰਦਾ ਹੋਇਆ ਲਿਖਦਾ ਹੈ :

ਕੀਤਾ ਅਕਲ ਦਾ ਪੇਚ ਰਾਣੀ ਜਿੰਦ ਕੌਰਾਂ,

ੱਥਾ ਦੋਹਾਂ ਪਾਤਸ਼ਾਹੀਆਂ ਦਾ ਜੋੜਿਆ ਈ।

ੁੱਝੀ ਰਮਜ਼ ਕਰਕੇ ਆਪ ਰਹੀ ਸੱਚੀ,

ਦਲਾ ਤੁਰਤ ਭਰਾਉ ਦਾ ਮੋੜਿਆ ਈ।

ਏ ਤੁਰਤ ਮੁਸਾਹਿਬ ਲਪੇਟ ਰਾਣੀ,

ਸ਼ਕਰ ਵਿਚ ਦਰਿਆ ਦੇ ਰੋੜਿਆ ਈ।

ਾਹ ਮੁਹੰਮਦਾ ਕਰੇ ਜਹਾਨ ਗੱਲਾਂ,

      ਨ੍ਹਾਂ ਕੁਫ਼ਰ ਮੁਦਈ ਦਾ ਤੋੜਿਆ ਈ। 100

ਜੰਗਨਾਮਾਕਾਰ ਅਨੁਸਾਰ ਸਿੱਖ ਫ਼ੌਜ ਨੂੰ ਅੰਗਰੇਜ਼ ਫ਼ੌਜ ਤੋਂ ਹਾਰ ਜਾਣ ਬਾਅਦ ਹੀ ਰਾਣੀ ਜਿੰਦ ਕੌਰ ਦੀਆਂ ਸਿਆਸੀ ਕੂਟਨੀਤੀਆਂ ਦਾ ਪਤਾ ਲੱਗਾ। ਪਤਾ ਲੱਗਣ ਤੋਂ ਬਾਅਦ ਰਾਣੀ ਜਿੰਦ ਕੌਰ ਪ੍ਰਤੀ ਆਪਣਾ ਗੁੱਸਾ ਕੱਢਦੀ ਹੋਈ ਸਿੱਖ ਫ਼ੌਜ ਇਸ ਤਰ੍ਹਾਂ ਸੋਚਦੀ ਹੈ :

ਪਿਛੋਂ ਬੈਠ ਕੇ ਸਿੰਘਾਂ ਨੂੰ ਅਕਲ ਆਈ,

ੇਹੀ ਚੜ੍ਹੀ ਹੈ ਜ਼ਹਿਰ ਦੀ ਸਾਣ ਮਾਈ।

ਕਿੰਨਾ ਖੁੰਦਰਾਂ ਵਿਚ ਫਸਾਇ ਕੇ ਜੀ,

ਾਡੇ ਲਾਹ ਸੁੱਟੇ ਤ¨ ਤਾਂ ਘਾਣ ਮਾਈ।

ੱਥ ਧੋਇ ਕੇ ਮਗਰ ਕਿਉਂ ਪਈ ਸਾਡੇ,

ਰੀਂ ਅਜੇ ਨਾ ਦੇਨੀ ਹੈਂ ਜਾਣ ਮਾਈ।

ਾਹ ਮੁਹੰਮਦਾ ਖੋਹ ਹਥਿਆਰ ਬੈਠੇ,

      ਾਲ ਕੁੜਤੀਆਂ ਲਏ ਪਛਾਣ ਮਾਈ। 101

ਇਸ ਸੰਬੰਧ ਵਿਚ ਕਈ ਵਿਦਵਾਨਾਂ ਦਾ ਵਿਚਾਰ ਹੈ ਕਿ ਸ਼ਾਹ ਮੁਹੰਮਦ ਨੂੰ ਵੇਲੇ ਸਿਰ ਪੰਜਾਬ ਦੀ ਸਿਆਸੀ ਸਥਿਤੀ ਦਾ ਪਤਾ ਨਾ ਚੱਲ ਸਕਿਆ। ਬਹੁਤ ਸਾਰੇ ਵਿਦਵਾਨ ਇਸ ਗੱਲ’ਤੇ ਇਕ ਮੱਤ ਹਨ ਕਿ ਮਿਸਰ ਤੇਜਾ ਸਿੰਘ ਅਤੇ ਲਾਲ ਸਿੰਘ ਆਦਿ ਗ਼ਦਾਰ ਲੀਡਰ ਅੰਗਰੇਜ਼ ਹਾਕਮਾਂ ਨਾਲ ਗੁਪਤ ਤੌਰ’ਤੇ ਰਲੇ ਹੋਏ ਸਨ। ਇਹਨਾਂ ਵਿਦਵਾਨਾਂ ਦਾ ਇਹ ਵੀ ਮੰਨਣਾ ਹੈ ਕਿ ਕੋਈ ਵੀ ਅਜਿਹੀ ਲਿਖਤ ਨਹੀਂ ਮਿਲਦੀ ਜਿਸ ਵਿਚ ਰਾਣੀ ਜਿੰਦ ਕੌਰ ਨੇ ਸਿੱਖ ਫ਼ੌਜ ਤੋਂ ਬਦਲਾ ਲੈਣ ਲਈ ਅੰਗਰਜ਼ਾਂ ਨਾਲ ਕੋਈ ਸਮਝੌਤਾ ਕੀਤਾ ਹੋਵੇ ਪਰ ਸਾਡੀ ਧਾਰਨਾ ਹੈ ਕਿ ਭਾਵੇਂ ਤੇਜਾ ਸਿੰਘ ਅਤੇ ਲਾਲ ਸਿੰਘ ਨੇ ਪੰਜਾਬ ਨਾਲ ਗ਼ਦਾਰੀ ਕੀਤੀ ਸੀ ਪਰ ਇਸ ਦੇ ਬਾਵਜੂਦ ਰਾਣੀ ਜਿੰਦ ਕੌਰ ਨੂੰ ਬਿਲਕੁਲ ਦੋਸ਼ ਮੁਕਤ ਨਹੀਂ ਮੰਨਿਆ ਜਾ ਸਕਦਾ। ਉਹ ਆਪਣੀ ਸਲਾਮਤੀ ਲਈ ਅੰਗਰੇਜ਼ ਫ਼ੌਜ ਦੀ ਲਾਹੌਰ ਵਿਚ ਆਮਦ ਨੂੰ ਲਾਜ਼ਮੀ ਸਮਝਦੀ ਸੀ। ਭਾਵੇਂ ਕਿ ਬਾਅਦ ਵਿਚ ਉਹ ਅੰਗਰੇਜ਼ਾਂ ਦੇ ਧ੍ਰੋਹ ਨੂੰ ਵੇਖ ਕੇ ਅੰਗਰੇਜ਼ ਸਰਕਾਰ ਦੀ ਵਿਰੋਧੀ ਹੋ ਗਈ ਸੀ। ਜੇਕਰ ਜੰਗਨਾਮਾਕਾਰ ਨੇ ਰਾਣੀ ਜਿੰਦ ਕੌਰ ਦੇ ਪਹਿਲੇ ਕਿਰਦਾਰ ਉੱਪਰ ਉਂਗਲ ਉਠਾਈ ਹੈ ਤਾਂ ਇਹ ਯਥਾਰਥ ਦੇ ਕਾਫ਼ੀ ਨੇੜੇ ਪ੍ਰਤੀਤ ਹੁੰਦੀ ਹੈ।

ਆਪਣੀ ਪਹਿਲੀ ਜ਼ਿੰਦਗੀ ਵਿਚ ਸਿਆਸੀ ਤੋਰ’ਤੇ ਰਾਣੀ ਜਿੰਦ ਕੌਰ ਕਾਫ਼ੀ ਸਮਾਂ ਗੁੰਮਨਾਮੀ ਵਿਚ ਰਹੀ ਸੀ। ਰਾਜਾ ਧਿਆਨ ਸਿੰਘ ਦੇ ਕਤਲ ਤੋਂ ਬਾਅਦ ਜਦੋਂ ਸੰਧਾਵਾਲੀਏ ਸਰਦਾਰਾਂ ਨੇ ਉਸ ਦੇ ਨਾਬਾਲਗ ਪੁੱਤਰ ਦਲੀਪ ਸਿੰਘ ਨੂੰ ਰਾਜਗੱਦੀ ਉੱਪਰ ਬੈਠਾਇਆ ਤਾਂ ਉਸ ਨੇ ਪਹਿਲੀ ਵਾਰ ਸਿਆਸਤ ਦੇ ਪਿੜ ਵਿਚ ਪੈਰ ਰੱਖਿਆ। ਭਾਵੇਂ ਉਹ ਇਕ ਅਨਪੜ੍ਹ ਔਰਤ ਸੀ ਪਰ ਉਸ ਨੂੰ ਸਿਆਸੀ ਕੂਟਨੀਤੀਆਂ ਦੀ ਕਾਫ਼ੀ ਸਮਝ ਆ ਚੁੱਕੀ ਸੀ। ਇਹੋ ਕਾਰਨ ਸੀ ਕਿ ਜਦੋਂ ਉਸ ਨੂੰ ਅੰਗਰੇਜ਼ ਹਾਕਮਾਂ ਦੀਆਂ ਸਿਆਸੀ ਚਾਲਾਂ ਬਾਰੇ ਪਤਾ ਚਲਿਆ ਤਾਂ ਉਸ ਨੇ ਉਨ੍ਹਾਂ ਵਿਰੁੱਧ ਬਗ਼ਾਗਤ ਕਰ ਦਿੱਤੀ। ਇਸ ਬਗ਼ਾਵਤ ਦੇ ਸਿੱਟੇ ਵਜੋਂ ਹੀ ਉਸ ਨੂੰ ਜੇਲ੍ਹ ਵਿਚ ਸੁੱਟ ਦਿੱਤਾ ਗਿਆ ਪਰ ਇਸ ਦੇ ਬਾਵਜੂਦ ਉਹ ਆਪਣੇ ਹਮਾਇਤੀਆਂ ਨੂੰ ਅੰਗਰੇਜ਼ਾਂ ਦੇ ਵਿਰੁੱਧ ਬਗ਼ਾਵਤ ਕਰਨ ਲਈ ਉਕਸਾਉਂਦੀ ਰਹੀ। ਉਸ ਨੇ 1857 ਦੇ ਗ਼ਦਰ ਵਿਚ ਵੀ ਪੰਜਾਬੀਆਂ ਨੂੰ ਅੰਗਰੇਜ਼ ਹਾਕਮਾਂ ਦਾ ਤਖ਼ਤਾ ਪਲਟਾਉਣ ਦੀ ਪ੍ਰੇਰਨਾ ਦਿੱਤੀ ਸੀ। ਪਰ ਅੰਗਰੇਜ਼ ਹਕੂਮਤ ਦੀ ਸ਼ਕਤੀ ਵੱਧ ਹੋਣ ਕਾਰਨ ਉਸ ਦੇ ਸੁਪਨੇ ਸਾਕਾਰ ਨਾ ਹੋ ਸਕੇ।

ਰਾਣੀ ਜਿੰਦ ਕੌਰ ਤੋਂ ਇਲਾਵਾ ਸਿੱਖ ਫ਼ੌਜ (ਪੰਥ) ਦਾ ਵੀ ਲਾਹੌਰ ਦਰਬਾਰ ਦੀ ਸਿਆਸਤ ਵਿਚ ਅਹਿਮ ਰੋਲ ਰਿਹਾ ਸੀ। ਸ਼ਾਹ ਮੁਹੰਮਦ ਨੇ ਪੰਜਾਬ ਦੀ ਰਾਜਸੱਤਾ ਦੀ ਤਬਾਹੀ ਲਈ ਸਿੱਖ ਫ਼ੌਜ ਜਾਂ ਪੰਥ ਨੂੰ ਵੀ ਪ੍ਰਮੁੱਖ ਜ਼ੁੰਮੇਵਾਰ ਠਹਿਰਾਇਆ ਹੈ। ਉਸ ਨੇ ਸਿੱਖ ਫ਼ੌਜ ਦੀ ਅਨੁਸ਼ਾਸਨਹੀਣਤਾ, ਗ਼ਦਾਰੀ, ਸਵਾਰਥ, ਲਾਲਚ, ਬੇਮੁਹਾਰਾਪਣ ਆਦਿ ਨੂੰ ਨਿੰਦਿਆ ਹੈ। ਜੰਗਨਾਮਾਕਾਰ ਨੇ ਲਾਹੌਰ ਦਰਬਾਰ ਵਿਚ ਸ਼ੁਰੂ ਹੋਈ ਬੁਰਛਾਗਰਦੀ ਅਤੇ ਤਲਵਾਰ ਦੇ ਅਰੰਭ ਦੀ ਪੇਸ਼ਕਾਰੀ ਬੜੇ ਕਰੁਣਾਮਈ ਢੰਗ ਨਾਲ ਕੀਤੀ ਹੈ। ਜੰਗਨਾਮੇ ਦੇ ਪਹਿਲੇ ਅੱਧ ਵਿਚ ਲਾਹੌਰ ਦਰਬਾਰ ਦੇ ਅਮੀਰਾਂ ਅਤੇ ਵਜ਼ੀਰਾਂ ਦੀਆਂ ਆਪਸੀ ਖਹਿਬਾਜ਼ੀਆਂ, ਈਰਖਾਵਾਂ ਅਤੇ ਸੱਤਾ ਪ੍ਰਾਪਤ ਕਰਨ ਦੀਆਂ ਲਾਲਸਾਵਾਂ ਨੂੰ ਬਾਖ਼ੂਬੀ ਚਿਤਰਿਆ ਹੈ। ਇਸ ਦੇ ਬਾਵਜੂਦ ਜੰਗਨਾਮੇ ਦੇ ਦੂਸਰੇ ਅੱਧ ਵਿਚ ਸਿੱਖ ਪੰਥ ਜਾਂ ਫ਼ੌਜ ਦਾ ਬਹਾਦਰੀ ਭਰਿਆ ਕਿਰਦਾਰ ਵੀ ਸਾਹਮਣੇ ਆਉਂਦਾ ਹੈ। ਜੰਗਨਾਮੇ ਦੇ ਪਹਿਲੇ ਅੱਧ ਵਿਚ ਹੀ ਧਿਆਨ ਸਿੰਘ ਸਿੱਖ ਫ਼ੌਜ (ਪੰਥ) ਨੂੰ ਆਪਣੇ ਨਾਲ ਜੋੜਨ ਦੇ ਭਰਪੂਰ ਯਤਨ ਕਰਦਾ ਹੈ। ਉਹ ਪੰਥ ਨਾਲ ਗੁਫ਼ਤਗੂ ਕਰਦਾ ਹੈ ਕਿ ਚੰਦ ਕੌਰ ਨੂੰ ਹਟਾ ਕੇ ਕਿਸੇ ਤਰ੍ਹਾਂ ਕੰਵਰ ਸ਼ੇਰ ਸਿੰਘ ਨੂੰ ਮਹਾਰਾਜਾ ਬਣਾਇਆ ਜਾਵੇ। ਖ਼ਾਲਸਾ ਫ਼ੌਜ ਰਾਜਾ ਧਿਆਨ ਸਿੰਘ ਨੂੰ ਆਪਣਾ ਲੀਡਰ ਮੰਨਦੀ ਹੋਈ ਉਸ ਨੂੰ ਆਪਣਾ ਸਮੱਰਥਨ ਦਿੰਦੀ ਹੋਈ ਕਹਿੰਦੀ ਹੈ :

ਰਾਜੇ ਲਸ਼ਕਰਾਂ ਵਿਚ ਸਲਾਹ ਕੀਤੀ,

ੇਰ ਸਿੰਘ ਨੂੰ ਕਿਵੇਂ ਸਦਾਈਏ ਜੀ।

ਹ ਤਾਂ ਪੁੱਤਰ ਸਰਕਾਰ ਦਾ ਫਤਹਿ ਜੰਗੀ,

ੱਦੀ ਉਸ ਨੂੰ ਚਾ ਬਹਾਈਏ ਜੀ।

ਸਿੰਘਾਂ ਆਖਿਆ ਰਾਜਾ ਜੀ ਹੁਕਮ ਤੇਰਾ,

ਜਿਸ ਨੂੰ ਕਹੇ ਸੋ ਫਤਹਿ ਬੁਲਾਈਏ ਜੀ।

ਾਹ ਮੁਹੰਮਦਾ ਗੱਲ ਜੋ ਮੂੱਹੋਂ ਕੱਢੇਂ,

      ਸੇ ਵਖ਼ਤ ਹੀ ਚਾ ਮੰਗਾਈਏ ਜੀ। 15

ਜਿਸ ਸਮੇਂ ਲਾਹੌਰ ਦਰਬਾਰ ਵਿਚ ਬੁਰਛਾਗਰਦੀ ਆਰੰਭ ਹੋ ਜਾਂਦੀ ਹੈ ਤਾਂ ਖ਼ਾਲਸਾ ਪੰਥ (ਫ਼ੌਜ) ਇਹ ਜਾਣ ਜਾਂਦਾ ਹੈ ਕਿ ਇਹ ਸਭ ਕਤਲ ਰਾਜ ਜਾਂ ਸਿੱਖ ਧਰਮ ਦੀ ਰੱਖਿਆ ਲਈ ਨਹੀਂ ਸਗੋਂ ਨਿੱਜੀ ਹਿਤਾਂ ਲਈ ਹੋ ਰਹੇ ਹਨ। ਅਜਿਹੀ ਸੋਚ ਦਾ ਹੀ ਨਤੀਜਾ ਹੁੰਦਾ ਹੈ ਕਿ ਸਿੱਖ ਫ਼ੌਜ ਦਾ ਆਪਣਾ ਲਾਲਚ ਵੀ ਵਧ ਜਾਂਦਾ ਹੈ ਅਤੇ ਉਹ ਕੈਂਠੇ, ਕੜੇ ਆਦਿ ਲੈਣ ਅਤੇ ਤਨਖਾਹਾਂ ਵਧਾਉਣ ਦੇ ਲਾਲਚ ਵਿਚ ਆ ਕੇ ਹੀਰਾ ਸਿੰਘ ਅਤੇ ਲਾਹੌਰ ਕਿਲ੍ਹੇ ਉੱਪਰ ਹਮਲਾ ਕਰ ਦਿੰਦੀ ਹੈ। ਲਾਹੌਰ ਦਰਬਾਰ ਵਿਚ ਬਣੇ ਅਜਿਹੇ ਹਾਲਾਤ ਸਿੱਖ ਫ਼ੌਜ ਨੂੰ ਬੇਕਾਬੂ ਕਰਨ ਵਿਚ ਅਹਿਮ ਭੂਮਿਕਾ ਅਦਾ ਕਰਦੇ ਹਨ। ਫ਼ੌਜ ਆਪਣਾ ਵੱਖਰਾ ਸੰਗਠਨ ਵੀ ਬਣਾ ਲੈਂਦੀ ਹੈ ਅਤੇ ਪੰਜ ਕੋਂਸਲੀਆਂ (ਪੰਥ) ਰਾਹੀਂ ਅਮੀਰਾਂ ਤੇ ਵਜ਼ੀਰਾਂ ਨੂੰ ਡਰਾਉਣ ਤੇ ਧਮਕਾਉਣ ਦਾ ਕੰਮ ਕਰਦੀ ਹੈ। ਇਹੋ ਕਾਰਨ ਹੈ ਕਿ ਸ਼ਾਹ ਮੁਹੰਮਦ ਸਿੱਖ ਫ਼ੌਜ ਦੇ ਰੋਲ ਨੂੰ ਨਿਰਦਈ, ਲਾਲਚੀ, ਸੁਆਰਥੀ ਆਦਿ ਵਿਖਾਉਂਦਾ ਹੈ :

ਕਿਆ ਬੁਰਛਿਆਂ ਆਣ ਅੰਧੇਰ ਪਾਇਆ,

ੇਹੜਾ ਬਹੇ ਗੱਦੀ ਉਹਨੂੰ ਮਾਰ ਲੈਂਦੇ।

ੜੇ, ਕੈਂਠੇ ਇਨਾਮ ਰੁਪਏ ਬਾਰਾਂ,

ਦੇ ਪੰਜ ਤੇ ਸੱਤ ਨਾ ਚਾਰ ਲੈਂਦੇ।

ਈ ਤੁਰੇ ਨੀ ਕਿਲ੍ਹੇ, ਦੀ ਲੁੱਟ ਕਰਕੇ,

ਈ ਸ਼ਹਿਰ ਦੇ ਲੁੱਟ ਬਾਜ਼ਾਰ ਲੈਂਦੇ।

ਾਹ ਮੁਹੰਮਦਾ ਚੜ੍ਹੇ ਮਝੈਲ ਭਈਏ,

      ੈਸਾ ਤਲਬ ਦਾ ਨਾਲ ਪੈਜ਼ਾਰ ਲੈਂਦੇ। 40

ਸ਼ਾਹ ਮੁਹੰਮਦ ਦਾ ਮੰਨਣਾ ਹੈ ਕਿ ਸਿੱਖ ਫ਼ੌਜ ਦੀ ਅਜਿਹੀ ਸਿਆਸੀ ਦਸ਼ਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਹੀ ਹੋਈ ਸੀ। ਭਾਵੇਂ ਜੰਗਨਾਮੇ ਦੇ ਦੂਸਰੇ ਅੱਧ ਵਿਚ ਸ਼ਾਹ ਮੁਹੰਮਦ ਸਿੱਖ ਫ਼ੌਜ ਦੀ ਤਾਰੀਫ਼ ਵੀ ਬਹੁਤ ਕਰਦਾ ਹੈ, ਪਰ ਸਿੱਖ ਫ਼ੌਜ ਦੀ ਬਹਾਦਰੀ, ਰਾਜਸੱਤਾ ਨਾਲੋਂ ਵੱਧ ਅੰਗਰੇਜ਼ਾਂ ਦੀ ਦੌਲਤ ਲੁੱਟਣੀ, ਅੰਗਰੇਜ਼ ਔਰਤਾਂ ਨੂੰ ਚੁੱਕਣਾ ਅਤੇ ਵਾਪਸ ਆ ਕੇ ਰਾਣੀ ਜਿੰਦ ਕੌਰ ਕੋਲੋਂ ਤੋਹਫ਼ੇ ਪ੍ਰਾਪਤ ਕਰਨ ਤੱਕ ਮਹਿਦੂਦ ਸੀ। ਇਸ ਸੰਬੰਧ ਵਿਚ ਸ਼ਾਹ ਮੁਹੰਮਦ ਸਿੱਖ ਫ਼ੌਜ’ਤੇ ਕਟਾਖਸ਼ ਕਰਦਾ ਹੋਇਆ ਲਿਖਦਾ ਹੈ :

ਜ਼ਬਤ ਕਰਾਂਗੇ ਮਾਲ ਫ਼ਰੰਗੀਆਂ ਦੇ,

ਥੋਂ ਲਿਆਵਾਂਗੇ ਦੌਲਤਾਂ ਬੋਰੀਆਂ ਨੀ।

ਪਿਛੋਂ ਵੜਾਂਗੇ ਉਹਨਾਂ ਦੇ ਸਤਰ-ਖ਼ਾਨੇ,

ੰਨ ਲਿਆਂਵਾਂਗੇ ਓਹਨਾਂ ਦੀਆਂ ਗੋਰੀਆਂ ਨੀ।

ਾਬਲ ਵਿਚ ਪਠਾਣ ਜਿਉਂ ਅਲੀ ਅਕਬਰ,

ਾਰ ਵੱਢ ਕੇ ਕੀਤੀਆਂ ਪੋਰੀਆਂ ਨੀ।

ਾਹ ਮੁਹੰਮਦਾ ਲਵਾਂਗੇ ਫੇਰ ਕੈਂਠੇ,

      ਤਿੱਲੇਦਾਰ ਜੋ ਰੇਸ਼ਮੀ ਡੋਰੀਆਂ ਨੀ। 57

ਆਪਣੇ ਇਨ੍ਹਾਂ ਲਾਲਚਾਂ ਤੇ ਲਾਲਸਾਵਾਂ ਦੇ ਬਾਵਜੂਦ ਖ਼ਾਲਸਾ ਫ਼ੌਜ ਅੰਗਰੇਜ਼ਾਂ ਨਾਲ ਬੜੀ ਦਲੇਰੀ ਨਾਲ ਲੜਦੀ ਹੈ। ਸ਼ਾਹ ਮੁਹੰਮਦ ਦਾ ਮੰਨਣਾ ਹੈ ਕਿ ਜੇਕਰ ਉਹ ਥੋੜ੍ਹੀ ਜਿਹੀ ਵੀ ਹਿੰਮਤ ਵਿਖਾਉਂਦੀ ਤਾਂ ਉਹ ਅੰਗਰੇਜ਼ਾਂ ਦੇ ਗੜ੍ਹ, ਲੁਧਿਆਣੇ’ਤੇ ਕਬਜ਼ਾ ਕਰ ਸਕਦੀ ਸੀ :

ਚਾਰ ਪੜਤਲਾਂ ਲੈ ਸੇਵਾ ਸਿੰਘ ਆਇਆ,

ਸਿੰਘ ਆਪਣੇ ਹੱਥ ਹਥਿਆਰ ਲੈਂਦੇ।

ਨ੍ਹਾਂ ਬਹੁਤ ਫ਼ਰੰਗੀ ਦੀ ਫ਼ੌਜ ਮਾਰੀ,

ੁੱਟਾਂ ਭਾਰੀਆਂ ਬਾਝ ਸ਼ੁਮਾਰ ਲੈਂਦੇ।

ੋਪਾਂ, ਉੂਠ, ਹਾਥੀ, ਮਾਲ, ਲਾਖ, ਘੋੜੇ,

ੇਰੇ ਆਪਣੇ ਸਿੰਘ ਉਤਾਰ ਲੈਂਦੇ।

ਾਹ ਮੁਹੰਮਦਾ ਸਿੰਘ ਜੇ ਜ਼ੋਰ ਕਰਦੇ,

      ਾਵੇਂ ਲੁਧਿਆਣਾ ਤਦੋਂ ਮਾਰ ਲੈਂਦੇ। 83

ਸ਼ਾਹ ਮੁਹੰਮਦ ਅਨੁਸਾਰ ਪੰਚਾਇਤਾਂ ਅਤੇ ਪੰਜ ਕੋਂਸਲੀਆਂ ਰਾਹੀਂ ਸਿੱਖ ਫ਼ੌਜ ਪੰਜਾਬ ਦੀ ਸਿਆਸਤ ਵਿਚ ਮਹੱਤਵਪੂਰਨ ਰੋਲ ਨਿਭਾਉਣ ਲੱਗ ਪਈ ਸੀ ਅਤੇ ਉਸ ਨੇ ਆਪਣੇ ਆਪ ਨੂੰ ਪੰਥ ਦਾ ਪ੍ਰਤੀਨਿਧ ਬਣਾਇਆ ਹੋਇਆ ਸੀ। ਸ਼ਾਹ ਮੁਹੰਮਦ ਆਪਣੇ ਜੰਗਨਾਮੇ ਵਿਚ ਪੰਥ ਦਾ ਪ੍ਰਭਾਵ ਸਪੱਸ਼ਟ ਕਰਦਾ ਹੋਇਆ ਲਿਖਦਾ ਹੈ :

ਸਿੰਘਾਂ ਲਿਖਿਆ ਖ਼ਤ ਫ਼ਰੰਗੀਆਂ ਨੂੰ,

ੈਨੂੰ ਮਾਰਾਂਗੇ ਅਸੀਂ ਵੰਗਾਰ ਕੇ ਜੀ।

ਾਨੂੰ ਨਹੀਂ ਰੁਪਈਆਂ ਦੀ ਲੋੜ ਕਾਈ,

ਾਵੇਂ ਦੇ ਤ¨ ਢੇਰ ਉਸਾਰ ਕੇ ਜੀ।

ਹ ਪੰਥ ਤੇਰੇ ਉੱਤੇ ਆਣ ਚੜ੍ਹਿਆ,

ਜਿਹੜਾ ਆਇਆ ਸੀ ਜੰਮੂ ਨੂੰ ਮਾਰ ਕੇ ਜੀ।

ਾਹ ਮੁਹੰਮਦਾ ਸਾਹਮਣੇ ਡਾਹ ਤੋਪਾਂ,

      ੂਰੇ ਕੱਢ ਮੈਦਾਨ ਨਿਤਾਰ ਕੇ ਜੀ। 65

ਲਾਹੌਰ ਦਰਬਾਰ ਦੇ ਸਿਆਸੀ ਹਾਲਾਤ ਇਹ ਸਨ ਕਿ ਦਰਬਾਰ ਦੇ ਸਿਆਸੀ ਲੀਡਰ ਪੰਥ ਨੂੰ ਸ਼ਤਰੰਜ ਦੇ ਮੁਹਰਿਆਂ ਵਾਂਗ ਵਰਤਣਾ ਚਾਹੁੰਦੇ ਸਨ। ਉਹ ਪੰਥ ਨੂੰ ਪੈਦਾ ਹੋਏ ਸਿਆਸੀ ਖ਼ਤਰੇ ਦਾ ਵਾਸਤਾ ਦੇ ਕੇ ਜਾਂ ਹੋਰ ਲਾਲਚ ਦੇ ਕੇ ਇਕ ਦੂਸਰੇ ਲੀਡਰ ਵਿਰੁੱਧ ਉਕਸਾਉਂਦੇ ਅਤੇ ਭੜਕਾਉਂਦੇ ਸਨ। ਪਰ ਫ਼ੌਜ ਵਿਚਲੇ ਆਮ ਸਿਪਾਹੀ ਸਿੱਖ ਲੀਡਰਾਂ ਦੀਆਂ ਇਹਨਾਂ ਸਿਆਸੀ ਚਾਲਾਂ ਤੋਂ ਅਣਭਿੱਜ ਸਨ। ਹਕੀਕਤ ਤਾਂ ਇਹ ਸੀ ਕਿ ਇਹਨਾਂ ਸਿਆਸੀ ਲੀਡਰਾਂ ਨੇ ਹੀ ਸਿੱਖ ਫ਼ੌਜ ਨੂੰ ਬੁਰਛਾਗਰਦੀ ਦੇ ਰਾਹ ਤੋਰਿਆ ਸੀ। ਉਦਾਹਰਨ ਦੇ ਤੌਰ’ਤੇ ਰਾਣੀ ਜਿੰਦ ਕੌਰ ਨੇ ਵੀ ਸਿੱਖ ਫ਼ੌਜ ਨੂੰ ਲਾਲਚ ਦੇ ਕੇ ਲੜਾਈ ਦੇ ਮੈਦਾਨ ਵੱਲ ਕੂਚ ਕਰਨ ਦਾ ਹੁਕਮ ਦਿੱਤਾ ਸੀ। ਇਸ ਦੇ ਬਾਵਜੂਦ ਸਿੱਖ ਫ਼ੌਜ ਵਿਚ ਪੰਜਾਬੀ ਰਾਜ ਲਈ ਮਰ ਮਿਟਣ ਵਾਲੇ ਲੋਕ ਵੀ ਸਨ। ਮਿਸਾਲ ਵਜੋਂ ਸੁਚੇਤ ਸਿੰਘ ਅਤੇ ਸ਼ਾਮ ਸਿੰਘ ਵਰਗੇ ਅਣਖੀ ਸੂਰਮੇ ਵੀ ਸਨ ਜੋ ਕਿਸੇ ਲਾਲਚ ਵਸ ਨਹੀਂ ਸਗੋਂ ਪੰਜਾਬ ਦੀ ਰਾਜ ਸੱਤਾ ਨੂੰ ਬਚਾਉਣ ਲਈ ਮਰ ਮਿਟਣ ਲਈ ਤਿਆਰ ਸਨ।

ਸ਼ਾਹ ਮੁਹੰਮਦ ਦੁਆਰਾ ਜਿਸ ਜੰਗ ਦਾ ਵਰਣਨ ਆਪਣੇ ਜੰਗਨਾਮੇ ਵਿਚ ਕੀਤਾ ਗਿਆ ਹੈ ਉਹ ਜੰਗ ਹਿੰਦੁਸਤਾਨ ਅਤੇ ਪੰਜਾਬ ਵਿਚਕਾਰ ਜੰਗ ਹੈ। ਇਕ ਪਾਸੇ ਪੰਜਾਬ ਦੀ ਫ਼ੌਜ ਹੈ ਅਤੇ ਦੂਸਰੇ ਪਾਸੇ ਹਿੰਦੁਸਤਾਨ (ਅੰਗਰੇਜ਼ ਸਾਮਰਾਜਵਾਦ) ਦੀਆਂ ਭਾਰੀ ਫ਼ੌਜਾਂ ਹਨ। ਅੰਗਰੇਜ਼ ਸਾਮਰਾਜ ਪੰਜਾਬੀ ਰਾਜ ਨੂੰ ਹਰ ਹਾਲਤ ਵਿਚ ਹੜੱਪ ਕਰਨਾ ਚਾਹੁੰਦਾ ਹੈ। ਅੰਗਰੇਜ਼ ਸਾਮਰਾਜ ਦੀਆਂ ਪੇਸ਼ ਕੀਤੀਆਂ ਗਈਆਂ ਕੂਟਨੀਤੀਆਂ ਤੋਂ ਪਤਾ ਚਲਦਾ ਹੈ ਕਿ ਸ਼ਾਹ ਮੁਹੰਮਦ ਅੰਗਰੇਜ਼ ਹਾਕਮਾਂ ਦੀ ਸਿਆਸਤ ਤੋਂ ਭਲੀ ਪ੍ਰਕਾਰ ਜਾਣੂ ਸੀ। ਇਹੋ ਕਾਰਨ ਹੈ ਕਿ ਉਹ ਅੰਗਰੇਜ਼ਾਂ ਨੂੰ ‘ਵਪਾਰੀਆਂ ਦਾ ਟੋਲਾ ’ ਕਹਿੰਦਾ ਹੈ। ਸ਼ਾਹ ਮੁਹੰਮਦ ਉਸ ਸਮੇਂ ਦੀ ਬਸਤੀਵਾਦ ਦੀ ਤਰਕ ਨੂੰ ਵੀ ਸਮਝਦਾ ਸੀ। ਉਸ ਨੂੰ ਮਾਲੂਮ ਸੀ ਕਿ ਇਹ ਅੰਗਰੇਜ਼ ਹਾਕਮ ਪੰਜਾਬ ਦੀ ਧਨ-ਦੌਲਤ ਲੁੱਟ ਕੇ ਇੰਗਲੈਂਡ ਲੈ ਜਾਣਗੇ। ਇਹੋ ਕਾਰਨ ਹੈ ਕਿ ਸ਼ਾਹ ਮੁਹੰਮਦ ਹਿੰਦੂ-ਮੁਸਲਮਾਨ ਭਾਈਚਾਰੇ ਦੀ ਆਪਸੀ ਸਾਂਝ ਦੀ ਗੱਲ ਕਰਦਾ ਹੋਇਆ ਪੰਜਾਬੀ ਰਾਜ ਦੀ ਲੰਮੀ ਉਮਰ ਦੀ ਕਾਮਨਾ ਕਰਦਾ ਹੋਇਆ ਲਿਖਦਾ ਹੈ :

ਰੱਬ ਚਾਹੇ ਤਾਂ ਕਰੇਗਾ ਮਿਹਰਬਾਨੀ,

ੋਇਆ ਸਿੰਘਾਂ ਦਾ ਕੰਮ ਅਰਾਸਤਾ ਈ।

ੱਡੀ ਸਾਂਝ ਹੈ ਹਿੰਦੂਆਂ ਮੁਸਲਮਾਨਾਂ,

ਨ੍ਹਾਂ ਨਾਲ ਨਾ ਕਿਸੇ ਦਾ ਵਾਸਤਾ ਈ।

ਹਦੇ ਨਾਲ ਨਾ ਬੈਠ ਕੇ ਗੱਲ ਕਰਨੀ,

ੁਦੀ ਆਪਣੀ ਨਾਲ ਮਹਾਸਤਾ ਈ।

ਾਹ ਮੁਹੰਮਦਾ ਦੌਲਤਾਂ ਜਮ੍ਹਾਂ ਕਰਦਾ,

      ਾਹੂਕਾਰਾਂ ਦਾ ਪੁੱਤ ਗੁਮਾਸ਼ਤਾ ਈ। 103

ਜਿਉਂ-ਜਿਉਂ ਅੰਗਰੇਜ਼ਾਂ ਦੀ ਸਿਆਸੀ ਤਾਕਤ ਵਧਦੀ ਜਾ ਰਹੀ ਸੀ ਤਿਉਂ-ਤਿੳਂ ਪੰਜਾਬ ਉੱਪਰ ਕਬਜ਼ਾ ਕਰਨ ਦੀ ਉਨ੍ਹਾਂ ਦੀ ਲਾਲਸਾ ਵੀ ਵਧਦੀ ਜਾ ਰਹੀ ਸੀ। ਸੰਨ 1805 ਵਿਚ ਜਦੋਂ ਜਸਵੰਤ ਰਾਓ ਹੁਲਕਰ ਪੰਜਾਬ ਆਇਆ ਸੀ ਤਾਂ ਪੰਜਾਬ ਦੀ ਰਾਜਸੱਤਾ ਨੇ ਅੰਗਰੇਜ਼ਾਂ ਵਿਰੁੱਧ ਲੜਨ ਅਤੇ ਉਸ ਨਾਲ ਰਲਣ ਤੋਂ ਇਨਕਾਰ ਕਰ ਦਿੱਤਾ ਸੀ। ਇਸ ਨਾਲੋਂ ਵੀ ਵੱਧ ਰਣਜੀਤ ਸਿੰਘ ਨੇ ਫਤਹਿ ਸਿੰਘ ਆਲੂਵਾਲੀਏ ਦੀ ਸਲਾਹ ਨਾਲ ਪਹਿਲੀ ਜਨਵਰੀ 1809 ਈ. ਨੂੰ ਅੰਗਰੇਜ਼ਾਂ ਨਾਲ ਸੰਧੀ ਵੀ ਕਰ ਲਈ ਸੀ। ਰਣਜੀਤ ਸਿੰਘ ਦੀ ਇੱਛਾ ਸੀ ਕਿ ਸਤਲੁਜ ਦਰਿਆ ਦੇ ਉੱਤਰ ਤੇ ਦੱਖਣ ਵੱਲ ਦੇ ਸਾਰੇ ਸਿੱਖ ਇਲਾਕਿਆਂ ਨੂੰ ਇਕੱਠਾ ਕਰ ਦਿੱਤਾ ਜਾਵੇ ਪਰ ਅੰਗਰੇਜ਼ ਹਾਕਮਾਂ ਨੇ ਆਪਣੀ ਸਰਹੱਦ ਸਤਲੁਜ ਦੇ ਕੰਢਿਆਂ ਤਕ ਵਧਾਉਣ ਦਾ ਫ਼ੈਸਲਾ ਕਰ ਲਿਆ ਸੀ; ਜਿਸ ਦਾ ਅਰਥ ਸੀ ਕਿ ਜਮਨਾ ਤੇ ਸਤਲੁਜ ਦੇ ਵਿਚਕਾਰਲੇ ਇਲਾਕਿਆਂ ਉੱਪਰ ਅੰਗਰੇਜ਼ ਹਾਕਮਾਂ ਦਾ ਅਧਿਕਾਰ ਰਹੇ ਅਤੇ ਪੰਜਾਬ ਦੇ ਸਿਆਸੀ ਤੇ ਭੂਗੋਲਿਕ ਤੌਰ’ਤੇ ਦੋ ਟੁਕੜੇ ਹੋ ਜਾਣ। ਇਹੋ ਕਾਰਨ ਸੀ ਕਿ ਫ਼ਰਵਰੀ 1809 ਈ. ਦੇ ਸ਼ੁਰੂ ਵਿਚ ਅੰਗਰੇਜ਼ਾਂ ਨੇ ਐਲਾਨ ਕੀਤਾ ਕਿ ਸਤਲੁਜ ਦੇ ਦੱਖਣ ਦੀਆਂ ਰਿਆਸਤਾਂ ਅੰਗਰੇਜ਼ਾਂ ਦੇ ਅਧੀਨ ਰਹਿਣਗੀਆਂ। ਇਸ ਦਾ ਨਤੀਜਾ ਇਹ ਨਿਕਲਿਆ ਕਿ ਸਿੱਖਾਂ ਦੀ ਸਾਂਝੀ ਤਾਕਤ ਖ਼ਤਮ ਹੋ ਗਈ ਅਤੇ ਉਹ ਮਾਝੇ ਤੇ ਦੁਆਬੇ ਅਤੇ ਮਾਲਵੇ ਦੇ ਦੋ ਹਿੱਸਿਆਂ ਵਿਚ ਤਕਸੀਮ ਹੋ ਗਏ। ਮਾਲਵੇ ਨੂੰ ਅੰਗਰੇਜ਼ਾਂ ਨੇ ਆਪਣੇ ਅਧੀਨ ਕਰ ਲਿਆ ਅਤੇ ਲੁਧਿਆਣਾ ਵਿਖੇ ਅੰਗਰੇਜ਼ ਛਾਉਣੀ ਸਥਾਪਤ ਕਰ ਲਈ। ਸ਼ਾਹ ਮੁਹੰਮਦ ਅੰਗਰੇਜ਼ਾਂ ਦੀ ਇਸ ਸਿਆਸਤ ਤੋਂ ਭਲੀ ਪ੍ਰਕਾਰ ਜਾਣੂ ਸੀ। ਇਹੀ ਕਾਰਨ ਹੈ ਕਿ ਉਹ ਸਤਲੁਜ ਤੋਂ ਪਾਰ ਵਾਲੀ ਅੰਗਰੇਜ਼ ਹਕੂਮਤ ਨੂੰ ਵੱਖਰਾ ਰਾਜ ਅਤੇ ਦੇਸ਼ ਮੰਨਦਾ ਹੈ, ਜਿਹੜਾ ਹਰ ਸਮੇਂ ਪੰਜਾਬੀ ਰਾਜ ਨੂੰ ਹੜੱਪਣ ਲਈ ਤਿਆਰ ਬੈਠਾ ਹੈ। ਇਸ ਸੰਬੰਧ ਵਿਚ ਡਾ. ਫ਼ੌਜਾ ਸਿੰਘ ਦੇ ਹੇਠ ਲਿਖੇ ਵਿਚਾਰ ਸਾਡਾ ਧਿਆਨ ਮੰਗਦੇ ਹਨ :

ਲੇਖਕ (ਸ਼ਾਹ ਮੁਹੰਮਦ) ਦਾ ਇਹ ਕਹਿਣਾ ਕਿ ਇਹ ਪੰਜਾਬ ਦੀ ਅੰਗਰੇਜ਼ਾਂ ਵਿਰੁੱਧ ਜੰਗ ਸੀ, ਇਸ ਗੱਲ ਦਾ ਸੰਕੇਤ ਹੈ ਕਿ ਕਿਸ ਹੱਦ ਤੀਕ ਪੰਜਾਬ ਦੇ ਹਿੰਦੂ ਅਤੇ ਮੁਸਲਮਾਨਾਂ ਨੇ ਖ਼ਾਲਸਾ ਸਰਕਾਰ ਨੂੰ ਆਪਣੀ ਕੌਮੀ ਸਰਕਾਰ ਪ੍ਰਵਾਨ ਕੀਤਾ ਹੋਇਆ ਸੀ। ...ਖ਼ਾਲਸਾ ਰਾਜ ਨੇ ਖ਼ਾਸ ਕਰਕੇ ਰਣਜੀਤ ਸਿੰਘ ਦੇ ਸਮੇਂ ਆਪਣੀ ਉਦਾਰਚਿਤ ਨੀਤੀ ਦੁਆਰਾ ਪੰਜਾਬ ਦੀਆ ਸਭ ਕੌਮਾਂ ਦੇ ਦਿਲ ਵਿਚ ਇਕ ਵਿਸ਼ੇਸ਼ ਥਾਂ ਸਥਾਪਤ ਕਰ ਲਈ ਸੀ, ਜਿਸ ਕਾਰਨ ਉਹ ਸਾਰੇ ਇਸ ਰਾਜ ਨੂੰ ਕਾਫ਼ੀ ਹੱਦ ਤੀਕ ਆਪਣਾ ਰਾਜ ਸਮਝਣ ਲੱਗ ਪਏ ਸਨ।4

ਇਸ ਸੰਦਰਭ ਵਿਚ ਹੀ ਡਾ. ਜੀਤ ਸਿੰਘ ਸੀਤਲ ਦੇ ਵਿਚਾਰ ਵੀ ਮਹੱਤਵਪੂਰਣ ਹਨ ਕਿ “ਖ਼ਾਲਸੇ ਦੇ ਸੰਕਲਪ ਦਾ ਪੰਜਾਬ ਤਾਂ ਸੁਤੰਤਰ ਦੇਸ ਸੀ; ਜਿਸ ਦੀਆ ਫ਼ੌਜਾਂ ਮੋਰਚੇ ਮਾਰਦੀਆਂ, ਦੇਸ਼ ਦੀ ਰੱਖਿਆ ਕਰਦੀਆਂ, ਦੇਸ਼ ਦੀਆ ਹੱਦਾਂ ਵਧਾਉਂਦੀਆਂ ਅਤੇ ਨਿੱਤ ਚੌਕਸ ਰਹਿੰਦੀਆਂ ਸਨ। ਰਣਜੀਤ ਸਿੰਘ ਦਾ ਪੰਜਾਬ ਫ਼ੌਜਾਂ ਦਾ ਸਤਿਕਾਰ ਕਰਦਾ ਪਰ ਉਸ ਨੂੰ ਨਿਯੰਤਰਣ ਤੇ ਸੰਜਮ ਵਿਚ ਰੱਖਦਾ। ਦੇਸ਼ ਭਰ ਵਿਚ ਅਮਨ-ਚੈਨ ਹੁੰਦਾ, ਹਿੰਦੂ-ਮੁਸਲਮਾਨ ਦਾ ਸਾਂਝਾ ਦੇਸ਼ ਪੰਜਾਬ ਸੀ; ਜੋ ਸੁਤੰਤਰ ਰਹਿਣਾ ਚਾਹੁੰਦਾ ਸੀ, ਜਿਸ ਤੇ ਬਾਹਰੋਂ ਕੋਈ ਤੀਸਰੀ ਜ਼ਾਤ (ਹਕੂਮਤ) ਆ ਕੇ ਸ਼ਾਸਨ ਨਹੀਂ ਕਰ ਸਕਦੀ ਸੀ।”5 ਇਹੋ ਕਾਰਨ ਹੈ ਕਿ ਅੰਗਰੇਜ਼ਾਂ ਦੇ ਹਮਲੇ ਤੋਂ ਬਾਅਦ ਸ਼ਾਹ ਮੁਹੰਮਦ ਕੁਰਲਾ ਉਠਦਾ ਹੈ :

ਰਾਜ਼ੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ,

ਸਿਰਾਂ ਦੋਹਾਂ ਦੇ ਉੱਤੇ ਆਫ਼ਾਤ ਆਈ।

ਾਹ ਮੁਹੰਮਦਾ ਵਿਚ ਪੰਜਾਬ ਦੇ ਜੀ,

      ਦੇ ਨਹੀਂ ਸੀ ਤੀਸਰੀ ਜ਼ਾਤ ਆਈ। 3

ਅੰਗਰੇਜ਼ਾਂ ਨਾਲ ਸੰਧੀ ਕਰਨ ਤੋਂ ਬਾਅਦ ਰਣਜੀਤ ਸਿੰਘ ਦਾ ਸਿੰਧ ਤੋਂ ਲੈ ਕੇ ਜਮਨਾ ਤਕ ਦੇ ਪੰਜਾਬ ਨੂੰ ਇਕ ਮਜ਼ਬੂਤ ਦੇਸ਼ ਬਣਾਉਣ ਦਾ ਸੁਪਨਾ ਸਾਕਾਰ ਨਹੀਂ ਹੁੰਦਾ। ਸੰਧੀ ਦੇ ਸਿੱਟੇ ਵਜੋਂ ਸਤਲੁਜ ਦੇ ਦੱਖਣ ਵੱਲ ਨੂੰ ਰਣਜੀਤ ਸਿੰਘ ਦੇ ਰਾਜ ਦਾ ਪਸਾਰ ਬਿਲਕੁਲ ਹੀ ਰੁਕ ਜਾਂਦਾ ਹੈ। ਅੰਮ੍ਰਿ੍ਰਤਸਰ ਦੀ ਸੰਧੀ ਤੋਂ ਬਾਅਦ ਭਾਵੇਂ ਰਣਜੀਤ ਸਿੰਘ ਇਸ ਸੰਧੀ ਉੱਪਰ ਅਡੋਲ ਰਹਿੰਦਾ ਹੈ ਪਰ ਅੰਗਰੇਜ਼ ਹਾਕਮ ਇਸ ਸੰਧੀ ਦੀ ਕੋਈ ਪ੍ਰਵਾਹ ਨਹੀਂ ਕਰਦੇ। ਇਸ ਸੰਧੀ ਦੇ ਸੰਬੰਧ ਵਿਚ ਡਾ. ਗੰਡਾ ਸਿੰਘ ਦੇ ਵਿਚਾਰ ਸਾਡਾ ਧਿਆਨ ਮੰਗਦੇ ਹਨ :

...ਅੰਗਰੇਜ਼ਾਂ ਨੇ ਦੋਸਤੀ ਪੂਰੀ ਤਰ੍ਹਾਂ ਨਾ ਨਿਭਾਈ। ਉਹ ਦੋਸਤੀ ਨੂੰ ਕੇਵਲ ਇਕ ਵੇਲਾ-ਟਪਾਊ ਗੱਲ ਹੀ ਸਮਝਦੇ ਸਨ। ਸਾਰੇ ਰਾਜਸੀ ਮਤਬਲੀ ਯਾਰਾਂ ਦੀ ਤਰ੍ਹਾਂ ਅੰਗਰੇਜ਼ ਉਤਨੀ ਦੇਰ ਤਕ ਹੀ ਦੋਸਤ ਸਨ ਜਿਤਨੀ ਦੇਰ ਕਿ ਉਹ ਉਨ੍ਹਾਂ ਨੂੰ ਆਪ ਨੂੰ ਸੂਤਰ ਬਹਿੰਦੀ ਸੀ। ਜਦ ਤਕ ਉਹ ਹਿੰਦੁਸਤਾਨ ਵਿਚ ਆਪਣਾ ਰਾਜ ਸੰਗਠਤ ਤੇ ਮਜ਼ਬੂਤ ਕਰਨ ਵਿਚ ਰੁੱਝੇ ਹੋਏ ਸਨ, ਉਦੋਂ ਤਕ ਉਨ੍ਹਾਂ ਨੇ ਰਣਜੀਤ ਸਿੰਘ ਨਾਲ ਦੋਸਤੀ ਦਾ ਦਿਖਾਵਾ ਬਣਾਈ ਰੱਖਿਆ ਅਤੇ ਮਿੱਤਰਾਂ ਵਾਂਗ ਵਰਤਦੇ ਰਹੇ। ਜਦ 1826-27 ਵਿਚ ਉਨ੍ਹਾਂ ਨੇ ਦੇਖਿਆ ਕਿ ਹਿੰਦੁਸਤਾਨ ਵਿਚ ਉਨ੍ਹਾਂ ਦੇ ਪੈਰ ਪੂਰੀ ਤਰ੍ਹਾ ਜੰਮ ਗਏ ਹਨ, ਸਾਰੇ ਇਲਾਕਿਆਂ ਵਿਚ ਉਨ੍ਹਾਂ ਦਾ ਤਹਿਤ ਚੰਗੀ ਤਰ੍ਹਾਂ ਬੈਠ ਗਿਆ ਹੈ ਅਤੇ ਕੋਈ ਉਨ੍ਹਾਂ ਦਾ ਟਾਕਰਾ ਕਰ ਸਕਣ ਜੋਗਾ ਨਹੀਂ ਰਿਹਾ ਤਾਂ ਉਨ੍ਹਾਂ ਝੱਟ ਅੱਖਾਂ ਫੇਰ ਲਈਆਂ ਅਤੇ ਸਤਲੁਜੋਂ ਪਾਰ ਉੱਤਰ ਵੱਲ ਬਲਕਿ ਸਿੰਧੋਂ ਪਾਰ ਭੀ ਝਾਕਣ ਲੱਗੇ।”6

ਉਪਰੋਕਤ ਸਤਰਾਂ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਰਣਜੀਤ ਸਿੰਘ ਦੇ ਪੰਜਾਬ ਦੇ ਸੰਬੰਧ ਵਿਚ ਅੰਗਰੇਜ਼ਾਂ ਦੀ ਨੀਤ ਸਾਫ਼ ਨਹੀਂ ਸੀ। ਇਹੋ ਕਾਰਨ ਸੀ ਕਿ ਅੰਗਰੇਜ਼ ਹਾਕਮ ਪੰਜਾਬ ਦੇ ਅਫ਼ਸਰਾਂ ਨੂੰ ਵਿਗਾੜਨ ਤੇ ਫਾਹੁਣ ਦੇ ਭਰਪੂਰ ਯਤਨ ਕਰ ਰਹੇ ਸਨ। ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਇਹ ਯਤਨ ਹੋਰ ਵੀ ਤੇਜ਼ ਹੋ ਗਏ ਸਨ ਕਿਉਂਕਿ ਉਸ ਸਮੇਂ ਤੱਕ ਲਾਰਡ ਐਲਨਬਰਾ ਆਪਣਾ ਸਾਰਾ ਧਿਆਨ ਤੇ ਜ਼ੋਰ ਪੰਜਾਬ ਦੀਆਂ ਸਰਹੱਦਾਂ ਉੱਪਰ ਲਗਾ ਰਿਹਾ ਸੀ। ਇਸ ਤੋਂ ਇਲਾਵਾ ਅੰਗਰੇਜ਼ ਹਾਕਮ ਪੰਜਾਬ ਵਿਚ ਅਜਿਹੇ ਹਾਲਾਤ ਪੈਦਾ ਕਰਨ’ਤੇ ਜ਼ੋਰ ਲਗਾ ਰਹੇ ਸਨ ਜਿਸ ਨਾਲ ਅੰਗਰਜ਼ਾਂ ਨੂੰ ਪੰਜਾਬ ਵਿਚ ਆਪਣੀਆਂ ਫ਼ੌਜਾਂ ਦਾਖ਼ਲ ਕਰਨ ਲਈ ਕੋਈ ਬਹਾਨਾ ਮਿਲ ਸਕੇ। ਇਹੋ ਕਾਰਨ ਸੀ ਕਿ ਅੰਗਰੇਜ਼ਾਂ ਨੇ ਡੋਗਰਾ ਭਰਾਵਾਂ ਨੂੰ ਸ਼ੇਰ ਸਿੰਘ ਦੇ ਵਿਰੁੱਧ ਸ਼ਹਿ ਦਿੱਤੀ ਹੋਈ ਸੀ ਅਤੇ ਉਹ ਮਹਾਰਾਜੇ ਨੂੰ ਧਿਆਨ ਸਿੰਘ ਵਿਰੁੱਧ ਸਹਾਇਤਾ ਦੇਣ ਦੀ ਵੀ ਤਜਵੀਜ਼ ਕਰਦੇ ਸਨ। ਅੰਗਰੇਜ਼ ਹਾਕਮ ਇਸ ਗੱਲ ਨੂੰ ਵੀ ਸਮਝਦੇ ਸਨ ਕਿ ਪੰਜਾਬ ਦੇ ਸਿਆਸੀ ਹਾਲਾਤ ਉਨ੍ਹਾਂ ਦੀ ਇੱਛਾ ਅਨੁਸਾਰ ਬਦਲਣ ਲੱਗ ਪਏ ਸਨ। ਸਰਦਾਰ ਅਤਰ ਸਿੰਘ ਸੰਧਾਵਾਲੀਆ ਅਤੇ ਉਸਦਾ ਭਤੀਜਾ ਅਜੀਤ ਸਿੰਘ ਵੀ ਅੰਗਰੇਜ਼ ਹਾਕਮਾਂ ਦੇ ਹੱਥਠੋਕੇ ਬਣ ਚੁੱਕੇ ਸਨ ਅਤੇ ਉਹ ਸ਼ੇਰ ਸਿੰਘ ਦੇ ਰਾਜਗੱਦੀ ਉੱਪਰ ਬੈਠਣ ਤੋਂ ਬਾਅਦ ਅੰਗਰੇਜ਼ ਇਲਾਕੇ ਵਿਚ ਚਲੇ ਗਏ ਸਨ। ਅੰਗਰੇਜ਼ ਹਾਕਮ ਬਾਅਦ ਵਿਚ ਸ਼ੇਰ ਸਿੰਘ ਉੱਪਰ ਦਬਾਅ ਪਾਉਣ ਲੱਗੇ ਸਨ ਕਿ ਉਹ ਸੰਧਾਵਾਲੀਏ ਸਰਦਾਰਾਂ ਨੂੰ ਪੰਜਾਬ ਵਿਚ ਦਾਖ਼ਲ ਹੋਣ ਦੀ ਇਜਾਜ਼ਤ ਦੇਵੇ। ਸੰਧਾਵਾਲੀਏ ਸਰਦਾਰਾਂ ਨੇ ਹੀ ਬਾਅਦ ਵਿਚ ਸ਼ੇਰ ਸਿੰਘ ਨੂੰ ਕਤਲ ਕਰਨ ਦੀ ਸਾਜ਼ਿਸ਼ ਘੜੀ ਸੀ। ਇਸ ਤੋਂ ਵੀ ਵੱਧ ਆਪਣੀ ‘ਪਾੜੋ ਤੇ ਰਾਜ ਕਰੋ ਦੀ ਨੀਤੀ’ ਅਨੁਸਾਰ ਅੰਗਰੇਜ਼ ਹਾਕਮਾਂ ਨੇ ਪਾਟੋ-ਧਾੜ ਅਤੇ ਬਦਅਮਨੀ ਪੈਦਾ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਇਸ ਸਮੇਂ ਦੌਰਾਨ ਹੀ ਅੰਗਰੇਜ਼ ਸਰਕਾਰ ਨੇ ਆਪਣੇ ਖੁਫ਼ੀਆ ਏਜਟਾਂ ਰਾਹੀਂ ਪੰਜਾਬ ਦੇ ਸਿਆਸੀ ਹਾਲਾਤਾਂ ਨੂੰ ਆਪਣੇ ਮੁਤਾਬਿਕ ਮੋੜਨ ਦੇ ਯਤਨ ਕੀਤੇ ਸਨ। ਅੰਗਰੇਜ਼ ਹਾਕਮਾਂ ਦੁਆਰਾ ਮਿੱਥੀ ਤਾਰੀਖ਼ ਦੇ ਝੱਟ ਬਾਅਦ ਹੀ ਇਕ ਮਹੀਨੇ ਦੇ ਅੰਦਰ-ਅੰਦਰ ਭਾਵ ਦਸੰਬਰ 1845 ਈ. ਨੂੰ ਅੰਗਰੇਜ਼ਾਂ ਅਤੇ ਪੰਜਾਬੀਆਂ ਵਿਚਕਾਰ ਜੰਗ ਛਿੜ ਪਈ ਸੀ। ਸ਼ਾਹ ਮੁਹੰਮਦ ਨੇ ਜੰਗਨਾਮੇ ਦੇ ਉੱਤਰ ਅੱਧ ਵਿਚ ਇਸ ਜੰਗ ਦਾ ਹੀ ਵਰਣਨ ਕੀਤਾ ਹੈ।

ਅੰਗਰੇਜ਼ ਹਾਕਮਾਂ ਦੀਆਂ ਸਿਆਸੀ ਕੂਟਨੀਤੀਆਂ ਅਤੇ ਆਪਸੀ ਫੁੱਟ ਸਦਕਾ ਸਿੱਖ ਫ਼ੌਜ ਲੋਕ-ਰਾਜੀ ਉਥਲ-ਪੁਥਲ ਦਾ ਸ਼ਿਕਾਰ ਹੋ ਕੇ ਰਹਿ ਜਾਂਦੀ ਹੈ। ਸਿੱਖ ਫ਼ੌਜ ਦੀ ਅਜਿਹੀ ਹਾਲਤ ਕਾਰਨ ਤੇਜਾ ਸਿੰਘ ਅਤੇ ਲਾਲ ਸਿੰਘ ਭੈਅਗ੍ਰਸਤ ਹੋ ਜਾਂਦੇ ਹਨ। ਇਸ ਭੈਅ ਸਦਕਾ ਹੀ ਉਹ ਅੰਗਰੇਜ਼ਾਂ ਦੇ ਦਖ਼ਲ ਲਈ ਰਾਹ ਪੱਧਰਾ ਕਰਦੇ ਹਨ। ਉਹ ਸਿੱਖ ਫ਼ੌਜ ਉੱਪਰ ਵੀ ਜੰਗ ਲੜਨ ਦਾ ਦਬਾਅ ਬਣਾਉਣਾ ਚਾਹੁੰਦੇ ਹਨ। ਦੂਸਰੇ ਪਾਸੇ ਅੰਗਰੇਜ਼ ਹਾਕਮ ਪੰਜਾਬ ਉੱਪਰ ਫ਼ੌਜੀ ਹਮਲਾ ਅਤੇ ਕਬਜ਼ਾ ਕਰਨ ਲਈ ਤਤਪਰ ਰਹਿੰਦੇ ਹਨ। ਇਹੋ ਕਾਰਨ ਸੀ ਕਿ ਗਵਰਨਰ ਜਨਰਲ ਹਾਰਡਿੰਗ ਨੇ 13 ਦਸੰਬਰ 1845 ਈ. ਨੂੰ ਪੰਜਾਬ ਵਿਰੁਧ ਜੰਗ ਦਾ ਐਲਾਨ ਕਰ ਦਿੱਤਾ ਪਰ ਨਾਲ ਹੀ ਹਾਰਡਿੰਗ ਨੇ ਹੇਠ ਲਿਖਿਆ ਕੂਟਨੀਤਕ ਸਿਆਸੀ ਦਾਅਵਾ ਪੇਸ਼ ਕੀਤਾ :

(1) ਸਰਕਾਰ ਅੰਗਰੇਜ਼ੀ, ਪੰਜਾਬ ਨਾਲ ਮਿੱਤਰਤਾ ਰੱਖਦੀ ਰਹੀ ਹੈ।

(2) ਸਰਕਾਰ ਅੰਗਰੇਜ਼ੀ ਨੇ ਸੰਨ 1809 ਦੇ ਅਹਿਦਨਾਮੇ ਨੂੰ ਸਦਾ ਸਿਦਕ ਨਾਲ ਪੂਰਾ ਕੀਤਾ ਹੈ।

(3) ਅੰਗਰੇਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਬਾਅਦ ਬਣੇ ਮਹਾਰਾਜਿਆਂ ਨਾਲ ਮਿੱਤਰਤਾ ਰੱਖੀ ਹੈ।

(4)  ਅੰਗਰੇਜ਼ਾਂ ਨੇ ਕੇਵਲ ਆਪਣੀ ਰਾਖੀ ਲਈ ਹੀ ਸਰਹੱਦ ਉੱਤੇ ਕਾਰਵਾਈ ਕੀਤੀ ਸੀ ਜਿਸ ਦਾ ਕਾਰਨ ਤੇ ਵੇਰਵਾ ਲਾਹੌਰ ਦਰਬਾਰ ਨੂੰ ਦੱਸ ਦਿੱਤਾ ਸੀ।

(5) ਲਾਹੌਰ ਸਰਕਾਰ ਨੇ ਵੈਰ-ਵਿਰੋਧ ਦੀਆਂ ਕਈ ਗੱਲਾਂ ਕੀਤੀਆਂ।

(6) ਅੰਗਰੇਜ਼ਾਂ ਨੇ ਹੱਦ ਦਰਜੇ ਦੀ ਸਹਿਣਸ਼ੀਲਤਾ ਵਿਖਾਈ।

(7) ਗਵਰਨਰ-ਜਨਰਲ ਪੰਜਾਬ ਵਿਚ ਇਕ ਤਕੜੀ ਸਿੱਖ ਹਕੂਮਤ ਦੇਖਣ ਦਾ ਚਾਹਵਾਨ ਸੀ।

(8) ਸਿੱਖ ਫ਼ੌਜ ਦਰਬਾਰ ਦੇ ਹੁਕਮ ਨਾਲ ਅੰਗਰੇਜ਼ੀ ਇਲਾਕੇ ਉੱਤੇ ਹੱਲਾ ਕਰਨ ਲਈ ਕੂਚ ਕਰਕੇ ਆਈ।

(9)   ਅੰਗਰੇਜ਼ਾਂ ਵੱਲੋਂ ਪੁੱਛ-ਗਿੱਛ ਦਾ ਕੋਈ ਉੱਤਰ ਨਹੀਂ ਦਿੱਤਾ ਗਿਆ।

(10) ਸਿੱਖ ਫ਼ੌਜ ਨੇ ਹੁਣ ਬਿਨਾਂ ਕਿਸੇ ਉਕਸਾਹਟ ਦੇ ਅੰਗਰੇਜ਼ੀ ਇਲਾਕੇ ਉੱਤੇ ਧਾਵਾ ਬੋਲ       ਦਿੱਤਾ।7 

ਪਰ ਹਕੀਕਤ ਇਹ ਸੀ ਕਿ ਅੰਗਰੇਜ਼ ਸਰਕਾਰ ਖ਼ੁਦ ਸਿੱਖ ਫ਼ੌਜ ਨਾਲ ਜੰਗ ਕਰਨਾ ਲੋਚਦੀ ਸੀ। ਅੰਗਰੇਜ਼ ਹਾਕਮ ਜਮਾਤ ਭਾਵੇਂ ਸਿੱਖਾਂ ਨਾਲ ਹਮਦਰਦੀ ਨਾਲ ਪੇਸ਼ ਆਉਂਦੀ ਸੀ ਪਰ ਜਦੋਂ ਉਸ ਦੇ ਹਿਤ ਲਾਹੌਰ ਦਰਬਾਰ ਨਾਲ ਟਕਰਾਉਂਦੇ ਸਨ ਉਦੋਂ ਉਹ ਅੱਖਾਂ ਫੇਰ ਲੈਂਦੀ ਸੀ। ਜਦੋਂ ਤੱਕ ਅੰਗਰੇਜ਼ ਹਾਕਮ ਹਿੰਦੁਸਤਾਨ ਦੇ ਦੂਸਰੇ ਖੇਤਰਾਂ ਵਿਚ ਰੁੱਝੇ ਰਹੇ, ਉਨ੍ਹਾਂ ਨੇ ਪੰਜਾਬ ਨਾਲ ਦੋਸਤੀ ਦਾ ਦਿਖਾਵਾ ਜਾਰੀ ਰੱਖਿਆ। ਇਹੋ ਕਾਰਨ ਸੀ ਕਿ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਪੰਜਾਬ ਉੱਪਰ ਕਾਬਜ਼ ਹੋਣ ਲਈ ਕਈ ਤਰ੍ਹਾਂ ਦੀਆਂ ਸਿਆਸੀ ਸਾਜ਼ਿਸ਼ਾਂ ਅਤੇ ਸਕੀਮਾਂ ਘੜਨੀਆਂ ਅਰੰਭ ਕਰ ਦਿੱਤੀਆਂ। ਇਸ ਕੰਮ ਲਈ ਉਹਨਾਂ ਨੇ ਜੰਗੀ ਪੱਧਰ’ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਤਾਂ ਕਿ ਮੌਕਾ ਮਿਲਦੇ ਹੀ ਪੰਜਾਬ ਨੂੰ ਕਬਜ਼ੇ ਹੇਠ ਲੈ ਲਿਆ ਜਾਵੇ। ਇਸ ਮਕਸਦ ਲਈ ਅੰਗਰੇਜ਼ੀ ਫ਼ੌਜ ਨੇ ਦੱਖਣ-ਲਹਿੰਦੇ ਅਤੇ ਉੱਤਰ-ਲਹਿੰਦੇ ਵੱਲੋਂ ਪੰਜਾਬ ਨੂੰ ਘੇਰ ਲਿਆ। ਅੰਗਰੇਜ਼ ਫ਼ੌਜ ਨੇ ਥੋੜ੍ਹੇ ਜਿਹੇ ਸਮੇਂ ਵਿਚ ਹੀ ਬਹੁਤ ਸਾਰਾ ਗੋਲੀ ਸਿੱਕਾ ਪੰਜਾਬ ਦੀਆਂ ਸਰਹੱਦਾਂ ਉੱਪਰ ਇਕੱਤਰ ਕਰ ਲਿਆ। ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਅੰਗਰੇਜ਼ ਫ਼ੌਜ ਵੀ ਤੈਨਾਤ ਕਰ ਦਿੱਤੀ ਗਈ। ਅੰਗਰੇਜ਼ਾਂ ਦੀਆਂ ਇਨ੍ਹਾਂ ਤਿਆਰੀਆਂ ਨੂੰ ਵੇਖਦਿਆਂ ਇਹ ਨਹੀਂ ਕਿਹਾ ਜਾ ਸਕਦਾ ਕਿ ਉਹ ਪੰਜਾਬ ਸਰਕਾਰ ਨਾਲ ਮਿੱਤਰਤਾ ਦੀ ਚਾਹਵਾਨ ਸੀ। ਸਗੋਂ ਬਰੌਡਫ਼ੁਟ ਤਾਂ ਲਾਹੌਰ ਦਰਬਾਰ ਨਾਲ ਸਿਆਸੀ ਸੰਬੰਧ ਤੋੜਨ ਲਈ ਕੋਈ ਨਾ ਕੋਈ ਬਹਾਨਾ ਲੱਭਣਾ ਚਾਹੁੰਦਾ ਸੀ।

ਪੰਜਾਬ ਨੂੰ ਭਾਵੇਂ ਲਾਰਡ ਡਲਹੌਜ਼ੀ ਨੇ ਰਾਜਸੀ ਤੌਰ’ਤੇ ਆਪਣੇ ਖੇਤਰ ਵਿਚ ਮਿਲਾਇਆ ਸੀ ਪਰ ਹਕੀਕਤ ਇਹ ਸੀ ਕਿ ਸਰ ਹੈਨਰੀ ਹਾਰਡਿੰਗ ਅੰਗਰੇਜ਼ ਸਾਮਰਾਜ ਦੀਆਂ ਪੰਜਾਬ ਉੱਪਰ ਕਬਜ਼ਾ ਕਰਨ ਦੀਆਂ ਕਈ ਵੱਡੀਆ ਰੁਕਾਵਟਾਂ ਨੂੰ ਦੂਰ ਕਰ ਗਿਆ ਸੀ। ਇਸ ਤੋਂ ਇਲਾਵਾ ਮਾਰਚ ਅਤੇ ਦਸੰਬਰ 1846 ਨੂੰ ਅੰਗਰੇਜ਼ ਹਾਕਮਾਂ ਅਤੇ ਲਾਹੌਰ ਦਰਬਾਰ ਵਿਚਕਾਰ ਹੋਏ ਸਮਝੌਤਿਆਂ ਨੇ ਪੰਜਾਬ ਨੂੰ ਬਿਲਕੁਲ ਨਿਹੱਥਾ ਕਰ ਦਿੱਤਾ ਸੀ। ਅੰਗਰੇਜ਼ ਸਰਕਾਰ ਪੰਜਾਬ ਨੂੰ ਪੱਕੇ ਤੋਰ’ਤੇ ਆਪਣੇ ਰਾਜ ਵਿਚ ਮਿਲਾਉਣ ਦੇ ਹੱਕ ਵਿਚ ਸੀ, ਜਿਸ ਵਿਚ ਉਹ ਅਖ਼ੀਰ ਕਾਮਯਾਬ ਹੋ ਗਈ ਸੀ। ਇਸ ਗੱਲ ਦਾ ਪ੍ਰਗਟਾਵਾ ਸ਼ਾਹ ਮੁੰਹਮਦ ਆਪਣੇ ਜੰਗਨਾਮੇ ਦੇ ਅਖ਼ੀਰ ਵਿਚ ਕਰਦਾ ਹੈ :

ਜਿਹੜੀ ਹੋਈ ਸੋ ਲਈ ਹੈ ਵੇਖ ਅੱਖੀਂ,

ੱਗੇ ਹੋਰ ਕੀ ਬਣਤ ਬਣਾਵਣੀ ਜੀ।

ਕ ਘੜੀ ਦੀ ਕੁਝ ਉਮੈਦ ਨਾਹੀਂ,

ਕਿਸੇ ਲਈ ਹਾੜੀ ਕਿਸੇ ਸਾਵਣੀ ਜੀ।

ਨਿੱਕੇ ਪੋਚ ਹੁਣ ਬੈਠ ਕੇ ਕਰਨ ਗੱਲਾਂ,

ਸਾਂ ਡਿੱਠੀ ਫ਼ਿਰੰਗੀ ਦੀ ਛਾਵਣੀ ਜੀ।

ਾਹ ਮੁਹੰਮਦਾ ਨਹੀਂ ਮਾਲੂਮ ਸਾਨੂੰ,

      ੱਗੇ ਹੋਰ ਕੀ ਖੇਡ ਖਿਡਾਵਣੀ ਜੀ। 104

ਇਸ ਤਰ੍ਹਾਂ ਪੰਜਾਬ ਉੱਪਰ ਕਾਬਜ਼ ਹੋਣ ਤੋਂ ਬਾਅਦ ਅੰਗਰੇਜ਼ ਸਰਕਾਰ ਨੇ ਪੰਜਾਬ ਦੀ ਸਿਆਸੀ ਤਾਕਤ ਆਪਣੇ ਹੱਥ ਵਿਚ ਲੈ ਲਈ ਸੀ ਅਤੇ ਇਸ ਦੇ ਰਾਜ ਪ੍ਰਬੰਧ ਨੂੰ ਆਪਣੇ ਅਨੁਸਾਰ ਚਲਾਉਣਾ ਸ਼ੁਰੂ ਕਰ ਦਿੱਤਾ ਸੀ। ਲਾਹੌਰ ਸ਼ਹਿਰ ਵਿਚੋਂ ਪੰਜਾਬੀ ਫ਼ੌਜ ਨੂੰ ਹਟਾ ਦਿੱਤਾ ਗਿਆ ਸੀ ਅਤੇ ਉਸ ਦੀ ਥਾਂ ਅੰਗਰੇਜ਼ ਫ਼ੌਜ ਨੇ ਆਪਣੀਆਂ ਛਾਉਣੀਆਂ ਪਾ ਲਈਆਂ ਸਨ। ਅੰਗਰੇਜ਼ ਫ਼ੌਜ ਨੇ ਲਾਹੌਰ ਦੇ ਕਿਲ੍ਹਿਆਂ ਅਤੇ ਸ਼ਹਿਰ ਉੱਪਰ ਆਪਣਾ ਕਬਜ਼ਾ ਕਰ ਲਿਆ ਸੀ। ਇਸ ਦਾ ਸਿੱਟਾ ਇਹ ਨਿਕਲਿਆ ਕਿ ਨਾਬਾਲਗ ਦਲੀਪ ਸਿੰਘ ਅਤੇ ਰਾਣੀ ਜਿੰਦ ਕੌਰ ਸਿਆਸੀ ਤੌਰ’ਤੇ ਨਿਹੱਥੇ ਹੋ ਗਏ ਸਨ ਅਤੇ ਉਹ ਅੰਗਰੇਜ਼ ਸਰਕਾਰ ਦੇ ਰਹਿਮੋ-ਕਰਮ’ਤੇ ਹੋ ਗਏ ਸਨ। ਡਾ. ਗੰਡਾ ਸਿੰਘ ਅਨੁਸਾਰ “ਪੰਜਾਬ ਉੱਤੇ ਕਬਜ਼ਾ ਕਰਨ ਵਿਚ ਅੰਗਰੇਜ਼ ਕੇਵਲ ਇਸ ਕਰਕੇ ਹੀ ਕਾਮਯਾਬ ਨਹੀਂ ਸਨ ਹੋਏ ਕਿ ਉਹ ਰਾਜਨੀਤੀ ਦੀਆਂ ਚਾਲਾਂ ਵਿਚ ਪੰਜਾਬੀਆਂ ਨਾਲੋਂ ਜ਼ਿਆਦਾ ਹੁਸ਼ਿਆਰ ਸਨ ਬਲਕਿ ਇਸ ਕਰਕੇ ਭੀ ਕਿ ਪੰਜਾਬ ਦੇ ਆਗੂਆਂ ਵਿਚ ਕੌਮੀ ਸਪਿਰਿਟ ਤੇ ਦੇਸ਼ ਪਿਆਰ ਦੀ ਘਾਟ ਸੀ। ਜਦਕਿ ਪੰਜਾਬ ਦੇ ਲੋਕ ਅਤੇ ਸਿਪਾਹੀ ਦੇਸ਼ ਦੀ ਆਜ਼ਾਦੀ ਲਈ ਆਪਣਾ ਸਰਬੰਸ ਲਾਉਣ ਅਤੇ ਜਿੰਦਾਂ ਘੋਲ ਘੁਮਾਉਣ ਲਈ ਤਿਆਰ ਬੈਠੇ ਸਨ, ਰਾਜ ਦੇ ਇਹ ਅਖੌਤੀ ਥੰਮ, ਵਜ਼ੀਰ, ਕਮਾਂਡਰ-ਇਨ-ਚੀਫ਼ ਆਦਿ ਨੇ ਆਪਣੀਆਂ ਨਿੱਜੀ ਗਰਜਾਂ ਲਈ ਦੇਸ਼ ਦੇ ਲਾਭਾਂ ਨੂੰ ਕੁਰਬਾਨ ਕਰ ਦਿੱਤਾ ਅਤੇ ਅੰਗਰੇਜ਼ਾਂ ਦੇ ਹੱਥਠੋਕੇ ਬਣ ਗਏ।”8 ਪੰਜਾਬ ਉੱਪਰ ਕਬਜ਼ਾ ਕਰਨ ਦੇ ਕੇਵਲ ਸਿਆਸੀ ਲਾਭ ਹੀ ਨਹੀਂ ਸਨ ਸਗੋਂ ਆਰਥਿਕ ਤੌਰ’ਤੇ ਵੀ ਉਸ ਨੂੰ ਅੰਗਰੇਜ਼ਾਂ ਫ਼ਾਇਦੇ ਮਿਲਣੇ ਸਨ। ਪੰਜਾਬ ਵਿਚ ਪੈਦਾ ਹੁੰਦੀ ਕਪਾਹ ਅੰਗਰੇਜ਼ੀ ਸਾਮਰਾਜ ਲਈ ਲਾਲਚ ਦਾ ਕਾਰਨ ਸੀ। ਇਸ ਤੋਂ ਇਲਾਵਾ ਪੰਜਾਬ ਇਕ ਵੱਡੀ ਮੰਡੀ ਦੇ ਤੌਰ’ਤੇ ਪ੍ਰਫੁਲਿਤ ਹੋ ਸਕਦਾ ਸੀ। ਇਕ ਪਾਸੇ ਪੰਜਾਬ ਅਤੇ ਜੰਮੂ ਕਸ਼ਮੀਰ ਉਸ ਲਈ ਵੱਡੀਆਂ ਮੰਡੀਆਂ ਸਨ ਅਤੇ ਦੂਸਰੇ ਪਾਸੇ ਅਫ਼ਗਾਨਿਸਤਾਨ ਅਤੇ ਸ਼ਾਮੂ ਦਰਿਆ ਦੇ ਪਾਰ ਲਈ ਪਸ਼ੌਰ ਅਤੇ ਮੁਲਤਾਨ ਉਹਨਾਂ ਦੇ ਵਪਾਰ ਦੇ ਅੱਡੇ ਬਣ ਸਕਦੇ ਸਨ। ਇਸ ਸਭ ਕਾਸੇ ਨੂੰ ਵੇਖਦਿਆਂ ਅੰਗਰੇਜ਼ ਸਾਮਰਾਜ ਲਈ ਪੰਜਾਬ ਉੱਤੇ ਕਾਬਜ਼ ਹੋਣਾ ਬੜਾ ਲਾਭਦਾਇਕ ਸਿੱਧ ਹੋ ਸਕਦਾ ਸੀ, ਜਿਸ ਨੂੰ ਸ਼ਾਹ ਮੁਹੰਮਦ ਇਸ ਤਰ੍ਹਾਂ ਪ੍ਰਗਟ ਕਰਦਾ ਹੈ :

ਸ਼ਾਹ ਮੁਹੰਮਦਾ ਦੌਲਤਾਂ ਜਮਾਂ ਕਰਦਾ,

              ਾਹੂਕਾਰਾਂ ਦਾ ਪੁੱਤ ਗੁਮਾਸ਼ਤਾ ਈ। 103

ਹਵਾਲੇ ਤੇ ਟਿਪਣੀਆਂ

1.   ਪਿਆਰਾ ਸਿੰਘ ਪਦਮ, ਜੰਗਨਾਮਾ ਸਿੰਘਾਂ ਤੇ ਫਰੰਗੀਆਂ, ਪੰਨਾ 29

2.   ਸ਼ਾਹ ਮੁਹੰਮਦ : ਇਕ ਸਰਵੇਖਣ, ਪੰਨੇ 44-45

3.   ਪਿਆਰਾ ਸਿੰਘ ਪਦਮ, -ਉਹੀ-, ਪੰਨਾ 21

4.   ਸ਼ਾਹ ਮੁਹੰਮਦ : ਇਕ ਸਰਵੇਖਣ, ਪੰਨਾ 48

5.   -ਉਹੀ-, ਪੰਨਾ 12

6.   ਡਾ. ਗੰਡਾ ਸਿੰਘ, ਪੰਜਾਬ ਉੱਤੇ ਅੰਗਰੇਜ਼ਾਂ ਦਾ ਕਬਜ਼ਾ, ਪੰਨਾ 7

7.   -ਉਹੀ-, ਪੰਨਾ 58

8.   -ਉਹੀ-, ਪੰਨਾ 133

 


ਲੇਖਕ : ਭੀਮ ਇੰਦਰ ਸਿੰਘ,
ਸਰੋਤ : ਸ਼ਾਹ ਮੁਹੰਮਦ ਜੀਵਨ ਤੇ ਰਚਨਾ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1271, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-03-20, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.